ਹਰਜੀਤ ਸਿੰਘ
ਜ਼ੀਰਕਪੁਰ, 12 ਦਸੰਬਰ
ਟਰੱਕ ਯੂਨੀਅਨਾਂ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਅਪਰੇਟਰਾਂ ਦਾ ਧਰਨਾ ਅੱਜ ਸੱਤਵੇਂ ਦਿਨ ਵਿੱਚ ਪਹੁੰਚ ਗਿਆ। ਟਰੱਕ ਅਪਰੇਟਰ ਲੰਘੇ ਸੱਤ ਦਿਨਾਂ ਤੋਂ ਛੱਤ ਟਰੈਫਿਕ ਲਾਈਟਾਂ ਨੇੜੇ ਐਰੋ ਸਿਟੀ ਰੋਡ ’ਤੇ ਯੂਨੀਅਨਾਂ ਦੀ ਬਹਾਲੀ ਲਈ ਧਰਨਾ ਦੇ ਰਹੇ ਹਨ। ਉਹ ਆਪਣੀ ਮੰਗ ਸਰਕਾਰ ਦੇ ਦਰਬਾਰ ਪਹੁੰਚਾਉਣ ਲਈ ਦੋ ਵਾਰ ਸੜਕ ਜਾਮ ਵੀ ਕਰ ਚੁੱਕੇ ਹਨ ਅਤੇ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਨਾਲ ਮੀਟਿੰਗ ਕਰਕੇ ਆਪਣੀ ਮੰਗਾਂ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਦੀ ਮੰਗ ਵਿਚਾਲੇ ਹੀ ਲਟਕ ਰਹੀ ਹੈ।
ਸੰਘਰਸ਼ ਕਰ ਰਹੇ ਅਪਰੇਟਰਾਂ ਨੂੰ ਅੱਜ ਪੰਜਾਬੀ ਗਾਇਕ ਪੰਮੀ ਬਾਈ ਨੇ ਸਮਰਥਨ ਦਿੰਦਿਆਂ ਸਰਕਾਰ ਤੋਂ ਯੂਨੀਅਨਾਂ ਨੂੰ ਛੇਤੀ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਪਹਿਲਾਂ ਹੀ ਹਰੇਕ ਕਾਰੋਬਾਰ ਠੱਪ ਹੋਇਆ ਪਿਆ ਹੈ। ਇਸ ਤੋਂ ਇਲਾਵਾ ਤੇਲ ਕੀਮਤਾਂ ਨੇ ਅਪਰੇਟਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨਾਂ ਟੁੱਟਣ ਨਾਲ ਫੈਕਟਰੀਆਂ ਆਪਣੀ ਮਨਮਾਨੀ ਕਰਦੀਆਂ ਹਨ ਅਤੇ ਆਪਸ ਵਿੱਚ ਮੁਕਾਬਲਾ ਕਰਵਾ ਕੇ ਕਿਰਾਏ ਕਾਫੀ ਘੱਟ ਦਿੰਦੀਆਂ ਹਨ ਜਿਸ ਨਾਲ ਟਰਾਂਸਪੋਰਟਰ ਘਾਟੇ ਵਿੱਚ ਜਾ ਰਹੇ ਹਨ। ਬੁਲਾਰਿਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਅਪਰੇਟਰਾਂ ਦੀ ਮੰਗ ਨੂੰ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਛੇਤੀ ਉਨ੍ਹਾਂ ਦੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਦੇ ਹੋਏ ਕਾਂਗਰਸੀ ਆਗੂਆਂ ਦਾ ਘਿਰਾਓ ਕਰਨਗੇ।