ਕੁਲਦੀਪ ਸਿੰਘ
ਚੰਡੀਗੜ੍ਹ, 13 ਸਤੰਬਰ
ਪੰਜਾਬ ਯੂਨੀਵਰਸਿਟੀ ਨੂੰ ਪੜਾਅਵਾਰ ਖੋਲ੍ਹਣ ਦੇ ਵਾਅਦੇ ਮੁਤਾਬਕ ਪਹਿਲੇ ਫੇਜ਼ ਵਜੋਂ ਅੱਜ ਫਿਜ਼ਿਕਸ, ਕੈਮਿਸਟਰੀ, ਯੂਆਈਪੀਐੱਸ ਅਤੇ ਡੈਂਟਲ ਕਾਲਜ ਦੇ ਅਖੀਰਲੇ ਸਾਲ ਦੇ ਵਿਭਾਗਾਂ ਨੂੰ ਪੋਸਟ ਗਰੈਜੂਏਟ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਪੀ.ਯੂ. ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਐੱਮ. ਫਾਰਮੇਸੀ ਦੇ ਅਖੀਰਲੇ ਸਾਲ ਦੇ 27 ਵਿਦਿਆਰਥੀਆਂ ਨੇ ਕਲਾਸਾਂ ਲਾਈਆਂ। ਐੱਮਐੱਸਸੀ ਦੇ ਤੀਜੇ ਸਮੈਸਟਰ ਦੇ 20 ਤੋਂ ਵੱਧ ਵਿਦਿਆਰਥੀਆਂ ਨੇ ਕੈਮਿਸਟਰੀ ਵਿਭਾਗ ਵਿੱਚ ਥਿਊਰੀ ਅਤੇ ਪ੍ਰਾਜੈਕਟ ਦੇ ਕੰਮ ਦੀਆਂ ਕਲਾਸਾਂ ਅਟੈਂਡ ਕੀਤੀਆਂ। ਬੀਡੀਐੱਸ ਦੇ ਤੀਸਰੇ ਸਾਲ ਦੀਆਂ ਕਲਾਸਾਂ ਵੀ ਲੱਗੀਆਂ ਜਿਨ੍ਹਾਂ ਵਿੱਚ ਪਹਿਲੇ ਸਾਲ ਵਾਲੇ ਵਿਦਿਆਰਥੀਆਂ ਦੀਆਂ ਵੀ ਆਫ਼ਲਾਈਨ ਕਲਾਸਾਂ ਲੱਗੀਆਂ।
ਅਧਿਆਪਕਾਂ ਦੀ ਭੁੱਖ ਹੜਤਾਲ ਜਾਰੀ
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ‘ਪਫੁਕਟੋ’ ਦੇ ਸੱਦੇ ’ਤੇ ਚੱਲ ਰਹੀ ਭੁੱਖ ਹੜਤਾਲ ਅੱਜ ਨੌਵੇਂ ਦਿਨ ਵੀ ਜਾਰੀ ਰਹੀ। ਅੱਜ ਪੂਟਾ ਦੇ ਪ੍ਰਤੀਨਿਧ ਅਤੇ ਸੈਨੇਟ ਮੈਂਬਰ ਪ੍ਰੋ. ਰਜਤ ਸੰਧੀਰ, ਪ੍ਰੋ. ਅਮਰਿੰਦਰ ਸਿੰਘ, ਪ੍ਰੋ. ਜਤਿੰਦਰ ਗਰੋਵਰ ਸਮੇਤ, ਯੂ.ਆਈ.ਸੀ.ਈ.ਟੀ. ਵਿਭਾਗ ਤੋਂ ਡਾ. ਸੰਜੀਵ ਗੌਤਮ, ਹਿਸਟਰੀ ਵਿਭਾਗ ਤੋਂ ਡਾ. ਜਸਬੀਰ ਸਿੰਘ, ਯੂਸੋਲ ਤੋਂ ਡਾ. ਪ੍ਰਵੀਨ ਕੁਮਾਰ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਨੌਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਚਾਉਣ ਲਈ ਅਤੇ ਅਧਿਆਪਕਾਂ ਦੀਆਂ ਮੰਗਾਂ ਮੰਨਣ ਲਈ ਤੁਰੰਤ ਧਿਆਨ ਦੇਣਾ ਚਾਹੀਦਾ ਹੈ। -ਪੱਤਰ ਪ੍ਰੇਰਕ