ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 9 ਅਗਸਤ
ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਐਲਾਨ ਕੀਤਾ ਹੈ ਕਿ ਪਿੰਡਾਂ ਵਿੱਚ ਪਾਣੀ ਦੀ ਆਨਲਾਈਨ ਬਿਲਿੰਗ ਪ੍ਰਣਾਲੀ ਅਤੇ ਆਨਲਾਈਨ ਭੁਗਤਾਨ ਨੂੰ ਛੇਤੀ ਹੀ ਪੜਾਅਵਾਰ ਪੂਰੇ ਰਾਜ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਉਹ ਅੱਜ ਇੱਥੇ ਜ਼ਿਲ੍ਹਾ ਮੁਹਾਲੀ ਦੇ ਪਿੰਡਾਂ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਆਨਲਾਈਨ ਬਿਲਿੰਗ ਤੇ ਰੈਵੇਨਿਊ ਮੌਨੀਟਰਿੰਗ ਪ੍ਰਣਾਲੀ ਦਾ ਉਦਘਾਟਨ ਕਰਦਿਆਂ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਇਹ ਸਿਸਟਮ ਥੋੜੇ ਸਮੇਂ ਤੱਕ ਸਾਰੇ ਪੰਜਾਬ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਮੁਹਾਲੀ ਵਿੱਚ ਇਹ ਸਿਸਟਮ ਸੱਤ ਮਹੀਨੇ ਪਹਿਲਾਂ ਜਨਵਰੀ 2021 ਵਿੱਚ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਸਮੇਂ ਦੌਰਾਨ ਸਫ਼ਲਤਾਪੂਰਵਕ ਚੱਲਣ ਉਪਰੰਤ ਅੱਜ ਰਸਮੀ ਤੌਰ ’ਤੇ ਇਸ ਦਾ ਉਦਘਾਟਨ ਕੀਤਾ ਗਿਆ ਹੈ। ਇਸ ਪ੍ਰਾਜੈਕਟ ਰਾਹੀਂ ਮੁਹਾਲੀ ਜ਼ਿਲ੍ਹੇ ਵਿੱਚ 100 ਫੀਸਦੀ ਜਲ ਸਪਲਾਈ ਬਿੱਲਾਂ ਦਾ ਭੁਗਤਾਨ ਕਰਵਾਉਣ ਵਿੱਚ ਵਿਭਾਗ ਸਫ਼ਲ ਹੋਇਆ ਹੈ। ਇਸ ਪ੍ਰਣਾਲੀ ਰਾਹੀਂ ਪੇਂਡੂ ਖ਼ਪਤਕਾਰ ਆਪਣੇ ਰਜਿਸਟਰਡ ਮੋਬਾਈਲ ਫੋਨਾਂ ਉੱਤੇ ਐੱਸਐੱਮਐੱਸ ਰਾਹੀਂ ਪਾਣੀ ਦੀ ਸਪਲਾਈ ਦੇ ਬਿੱਲ ਪ੍ਰਾਪਤ ਕਰਨਗੇ ਤੇ ਐੱਸਐੱਮਐੱਸ ਵਿੱਚ ਦਿੱਤੇ ਲਿੰਕ ਰਾਹੀਂ ਬਿੱਲ ਰਾਸ਼ੀ ਦਾ ਆਨਲਾਈਨ ਭੁਗਤਾਨ ਕਰ ਸਕਣਗੇ। ਐਕਟਿਵ ਅਕਾਊਂਟ ਅਪਡੇਟ ਅਤੇ ਅਲਰਟ ਵੀ ਐੱਸਐੱਮਐੱਸ ਰਾਹੀਂ ਖ਼ਪਤਕਾਰਾਂ ਨੂੰ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ ਵਿਭਾਗ ਦੇ ਰੈਵੇਨਿਊ ਕੁਲੈਕਟਰ ਵੀ ਪੀਓਐੱਸ ਮਸ਼ੀਨਾਂ ਨੂੰ ਖ਼ਪਤਕਾਰਾਂ ਦੇ ਘਰਾਂ ਤੱਕ ਲੈ ਕੇ ਜਾਣਗੇ ਅਤੇ ਖ਼ਪਤਕਾਰ ਕਾਰਡ ਜਾਂ ਨਕਦ ਰਾਸ਼ੀ ਰਾਹੀਂ ਭੁਗਤਾਨ ਕਰਨ ਦੇ ਯੋਗ ਹੋਣਗੇ। ਖ਼ਪਤਕਾਰ ਨੈੱਟ ਬੈਂਕਿੰਗ, ਕ੍ਰੈਡਿਟ/ਡੈਬਿਟ ਕਾਰਡ, ਮੋਬਾਈਲ ਐਪਸ ਤੇ ਯੂਪੀਆਈ ਰਾਹੀਂ ਵੀ ਭੁਗਤਾਨ ਕਰ ਸਕਦੇ ਹਨ। ਆਨਲਾਈਨ ਬਿਲਿੰਗ ਸਿਸਟਮ ਦੀ ਵਰਤੋਂ ਕਰਨਾ ਬਹੁਤ ਹੀ ਆਸਾਨ ਹੈ।