ਚੰਡੀਗੜ੍ਹ, 7 ਅਕਤੂਬਰ
ਇੱਥੇ ਭਲਕੇ ‘ਏਅਰ ਫੋਰਸ ਡੇਅ’ ਮੌਕੇ ਕੀਤੇ ਜਾਣ ਵਾਲੇ ਫਲਾਈ-ਪਾਸਟ ਤੇ ਏਅਰ ਸ਼ੋਅ ਵਿਚ ਸੈਨਾ ਦੇ ਕਰੀਬ 80 ਜਹਾਜ਼ ਤੇ ਹੈਲੀਕਾਪਟਰ ਸੁਖਨਾ ਝੀਲ ’ਤੇ ਕਰਤੱਬ ਦਿਖਾਉਣਗੇ। ਆਪਣੇ 90ਵੇਂ ਸਥਾਪਨਾ ਦਿਵਸ ਮੌਕੇ ਭਾਰਤੀ ਹਵਾਈ ਸੈਨਾ ਵੱਖ-ਵੱਖ ਤਰ੍ਹਾਂ ਦੇ ਹਵਾਈ ਜਹਾਜ਼ਾਂ ਦਾ ਹੈਰਾਨ ਕਰ ਦੇਣ ਵਾਲਾ ਸ਼ੋਅ ਦਰਸ਼ਕਾਂ ਲਈ ਪੇਸ਼ ਕਰੇਗੀ। ਇਹ ਪਹਿਲੀ ਵਾਰ ਹੋਵੇਗਾ ਜਦ ਹਵਾਈ ਸੈਨਾ ਦਿਵਸ ਮੌਕੇ ਸਾਲਾਨਾ ਪਰੇਡ ਤੇ ਫਲਾਈ-ਪਾਸਟ ਦਿੱਲੀ ਐੱਨਸੀਆਰ ਤੋਂ ਬਾਹਰ ਕਿਤੇ ਕਰਵਾਇਆ ਜਾਵੇਗਾ। ਇਸ ਹਵਾਈ ਸ਼ੋਅ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹਾਜ਼ਰ ਹੋਣਗੇ। ਸ਼ੋਅ ਤੋਂ ਪਹਿਲਾਂ ਏਅਰ ਫੋਰਸ ਸਟੇਸ਼ਨ ’ਤੇ ਸ਼ਨਿਚਰਵਾਰ ਸ਼ਾਮ ਰਸਮੀ ਪਰੇਡ ਹੋਵੇਗੀ। ਇਸ ਮੌਕੇ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਹਾਜ਼ਰ ਹੋਣਗੇ। ਹਵਾਈ ਸੈਨਾ ਮੁਖੀ ਇਸ ਮੌਕੇ ਏਅਰ ਫੋਰਸ ਕਰਮੀਆਂ ਦੀ ਨਵੀਂ ਵਰਦੀ ਵੀ ਜਾਰੀ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਏਐਲਐਚ ਐਮਕੇ IV ਹੈਲੀਕਾਪਟਰ ਰੁਦਰਾ ਬਣਤਰ ’ਚ ਪਰੇਡ ਈਵੈਂਟ ’ਚ ਫਲਾਈ-ਪਾਸਟ ਕਰਨਗੇ। ਇਸ ਮੌਕੇ ਮਕੈਨੀਕਲ ਟਰਾਂਸਪੋਰਟ ਟੀਮ ਘੱਟ ਸਮੇਂ ਵਿਚ ਵਾਹਨਾਂ ਨੂੰ ਖੋਲ੍ਹ ਕੇ ਤੇ ਜੋੜ ਕੇ ਦਿਖਾਏਗੀ। ਇਸ ਤੋਂ ਬਾਅਦ ‘ਏਅਰ ਵਾਰੀਅਰ ਡਰਿੱਲ ਟੀਮ’ ਜੌਹਰ ਦਿਖਾਏਗੀ। ਦੁਪਹਿਰ ਤੋਂ ਬਾਅਦ ਸੁਖਨਾ ਝੀਲ ’ਤੇ ਫਲਾਈ-ਪਾਸਟ ਹੋਵੇਗਾ। ਫਲਾਈ-ਪਾਸਟ ਵਿਚ ਹਾਲ ਹੀ ’ਚ ਹਵਾਈ ਸੈਨਾ ਵਿਚ ਸ਼ਾਮਲ ਕੀਤੇ ਗਏ ਹੈਲੀਕਾਪਟਰ ‘ਪ੍ਰਚੰਡ’ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। -ਪੀਟੀਆਈ