ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਕਤੂਬਰ
ਦੀਵਾਲੀ ਵਾਲੀ ਰਾਤ ਜੂਆ ਖੇਡਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ 23 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 70 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲੀਸ ਨੇ ਵੱਖ-ਵੱਖ ਥਾਣਿਆਂ ਵਿੱਚ ਅੱਧਾ ਦਰਜਨ ਕੇਸ ਦਰਜ ਕੀਤੇ ਹਨ। ਸੈਕਟਰ-26 ਦੀ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿੱਕੀ, ਰੋਕੀ, ਮਹਿੰਦਰ ਕੁਮਾਰ ਅਤੇ ਇੰਦਰ ਸਿੰਘ ਵਾਸੀਆਨ ਬਾਪੂ ਧਾਮ ਕਲੋਨੀ ਸੈਕਟਰ-26 ਵਜੋਂ ਹੋਈ ਹੈ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਈਡਬਲਿਊਐੱਸ ਕਲੋਨੀ, ਮਲੋਆ ਵਿੱਚ ਛਾਪੇ ਮਾਰੇ ਅਤੇ ਚਾਰ ਵਿਅਕਤੀਆਂ ਨੂੰ ਜੂਆ ਖੇਡਦਿਆਂ 10,300 ਰੁਪਏ ਸਣੇ ਕਾਬੂ ਕੀਤਾ। ਮਨੀਮਾਜਰਾ ਦੀ ਪੁਲੀਸ ਨੇ ਸ਼ਿਵਾਲਿਕ ਪਾਰਕ ਮਨੀਮਾਜਰਾ ਵਿੱਚੋਂ ਦੀਪਕ, ਜਾਵੇਦ ਅਤੇ ਅਮਰਜੀਤ ਸਿੰਘ ਵਾਸੀਆਨ ਬਾਪੂ ਧਾਮ ਕਲੋਨੀ, ਸੈਕਟਰ-26, ਧਰਮਿੰਦਰ ਵਾਸੀ ਮੌਲੀ ਕੰਪਲੈਕਸ ਨੂੰ 31,180 ਰੁਪਏ ਸਣੇ ਕਾਬੂ ਕੀਤਾ ਹੈ। ਥਾਣਾ ਸੈਕਟਰ-31 ਦੀ ਪੁਲੀਸ ਨੇ ਵਿਕਾਸ, ਅਜੈ ਕੁਮਾਰ, ਸੰਦੀਪ ਅਤੇ ਟਿੰਕੂ ਵਾਸੀਆਨ ਰਾਮਦਰਬਾਰ ਨੂੰ ਰਾਮ ਦਰਬਾਰ ਫੇਸ-2 ਵਿੱਚੋਂ ਜੂਆ ਖੇਡਦੇ ਹੋਏ 6200 ਰੁਪਏ ਸਣੇ ਕਾਬੂ ਕੀਤਾ ਹੈ। ਇਸੇ ਥਾਣੇ ਦੀ ਪੁਲੀਸ ਨੇ ਪਿੰਡ ਫੈਦਾਂ ਵਿੱਚੋਂ ਮਨੋਜ ਕੁਮਾਰ, ਬਾਲੀ ਰਾਮ, ਵਿਕਾਸ ਵਾਸੀਆਨ ਫੈਦਾਂ, ਧਰਮਿੰਦਰ ਵਾਸੀ ਰਾਮਦਰਬਾਰ ਨੂੰ ਜੂਆ ਖੇਡਦੇ ਹੋਏ 6100 ਰੁਪਏ ਸਣੇ ਕਾਬੂ ਕੀਤਾ ਹੈ।
ਇਸੇ ਤਰ੍ਹਾਂ ਵੱਖਰੇ ਮਾਮਲੇ ਵਿੱਚ ਥਾਣਾ ਸੈਕਟਰ-39 ਦੀ ਪੁਲੀਸ ਨੇ ਸੈਕਟਰ-56 ਦੇ ਸਪੋਰਟਸ ਕੰਪਲੈਕਸ ਦੇ ਨਜ਼ਦੀਕ ਤੋਂ ਸੰਨੀ, ਜੋਨੀ, ਸੰਜੈ ਵਾਸੀਆਨ ਸੈਕਟਰ-56, ਪ੍ਰਦੀਪ ਕੁਮਾਰ ਵਾਸੀ ਸੈਕਟਰ-24 ਨੂੰ ਜੂਆ ਖੇਡਦੇ ਹੋਏ 5240 ਰੁਪਏ ਸਣੇ ਕਾਬੂ ਕੀਤਾ ਹੈ। ਇਸੇ ਥਾਣੇ ਦੀ ਪੁਲੀਸ ਨੇ ਵਿਜੈ ਕੁਮਾਰ, ਸੂਰਜ, ਆਨੰਦ ਕੁਮਾਰ ਵਾਸੀਆਨ ਸੈਕਟਰ-56 ਨੂੰ ਸੈਕਟਰ-56 ਦੇ ਫੁੱਟਬਾਲ ਗਰਾਊਂਡ ਦੇ ਨੇੜੇ ਜੂਆ ਖੇਡਦਿਆਂ ਨੂੰ 3510 ਰੁਪਏ ਸਣੇ ਕਾਬੂ ਕੀਤਾ ਹੈ। ਚੰਡੀਗੜ੍ਹ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ 23 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ 6 ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੈਕਟਰ-25 ਦੇ ਵਾਲਮੀਕਿ ਮੰਦਰ ’ਚ ਜੂਆ ਖੇਡਦੇ 4 ਜਣੇ ਕਾਬੂ
ਸੈਕਟਰ-11 ਦੀ ਪੁਲੀਸ ਨੇ ਦੀਵਾਲੀ ਤੋਂ ਪਹਿਲੀ ਰਾਤ ਨੂੰ ਛਾਪੇ ਮਾਰ ਕੇ ਸੈਕਟਰ-25 ਵਿਚਲੇ ਵਾਲਮੀਕਿ ਮੰਦਰ ਵਿੱਚ ਜੂਆ ਖੇਡਦਿਆਂ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤੋਂ 42 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋਂ ਨਾਮਜ਼ਮ ਕੀਤੇ ਗਏ ਵਿਅਕਤੀਆਂ ’ਚ ਸੰਜੈ ਵਾਸੀ ਸੈਕਟਰ-38 ਵੈਸਟ, ਆਦਰਸ਼, ਟਿੰਕੂ ਅਤੇ ਸੁਨਿਲ ਬੁੱਧ ਵਾਸੀਆਨ ਬਾਪੂ ਧਾਮ ਕਲੋਨੀ ਸੈਕਟਰ-25 ਦੇ ਨਾਮ ਸ਼ਾਮਲ ਹਨ। ਇਹ ਕਾਰਵਾਈ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਹੈ।