ਪੱਤਰ ਪ੍ਰੇਰਕ
ਪੰਚਕੂਲਾ, 23 ਅਕਤੂਬਰ
ਇਥੋਂ ਦੇ ਵੱਖ-ਵੱਖ ਸੈਕਟਰਾਂ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਦੀਵਾਲੀ ਮੌਕੇ ਰੇਹੜੀ ਫੜ੍ਹੀ ਵਾਲਿਆਂ ਨੇ ਕਬਜ਼ੇ ਕਰ ਲਏ ਹਨ। ਇਨ੍ਹਾਂ ਕਬਜ਼ਿਆਂ ਨੂੰ ਉਤਸ਼ਾਹਿਤ ਕਰਨ ਲਈ ਪੱਕੇ ਦੁਕਾਨਦਾਰਾਂ ਨੇ ਬਿਜਲੀ ਲਈ ਆਰਜ਼ੀ ਕੁਨੈਕਸ਼ਨ ਦਿੱਤੇ ਹੋਏ ਹਨ। ਇਸ ਦੇ ਬਦਲੇ ਵਿੱਚ ਰੇਹੜੀ ਫੜ੍ਹੀ ਵਾਲੇ ਵੱਡੀਆਂ ਕਮਾਈਆਂ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ ਦੀਆਂ ਮਾਰਕੀਟਾਂ ਵਿੱਚ 100 ਤੋਂ ਵੱਧ ਬੂਥਾਂ ਵਿੱਚ ਦੁਕਾਨਾਂ ਦੇ ਵਰਾਂਡਿਆਂ ਵਿੱਚ ਦੁਕਾਨਦਾਰ ਆਪਣੇ ਬਿਜਲੀ ਦੇ ਮੀਟਰਾਂ ਤੋਂ ਸਪਲਾਈ ਦੇ ਰਹੇ ਹਨ। ਪੰਚਕੂਲਾ ਸੈਕਟਰ-20 ਦੀ ਮਾਰਕੀਟ ਵਿੱਚ ਇਸੇ ਕਾਰਨ ਅੱਧਾ-ਪੌਣਾ ਘੰਟਾ ਟਰੈਫਿਕ ਜਾਮ ਰਹਿੰਦਾ ਹੈ ਅਤੇ ਪੁਲੀਸ ਵਾਲੇ ਤਮਾਸ਼ਬੀਨ ਬਣੇ ਰਹਿੰਦੇ ਹਨ। ਸਕੜਾਂ ਉੱਤੇ ਟਰੈਫਿਕ ਜਾਮ ਰਹਿੰਦਾ ਹੈ ਅਤੇ ਪਾਰਕਿੰਗਾਂ ਵਿੱਚ ਗੱਡੀਆਂ ਖੜ੍ਹੀਆਂ ਕਰਨ ਲਈ ਕੋਈ ਜਗ੍ਹਾਂ ਨਹੀਂ ਮਿਲਦੀ। ਪੰਚਕੂਲਾ ਦੇ ਇਕੱਲੇ ਸੈਕਟਰ-20 ਦੀ ਮਾਰਕੀਟ ਵਿੱਚ 200 ਤੋਂ ਵੱਧ ਰੇਹੜੀ ਫੜ੍ਹੀ ਵਾਲੇ ਇਨ੍ਹਾਂ ਜਗ੍ਹਾਂ ਉੱਤੇ ਕਬਜ਼ਾ ਕਰਕੇ ਬੈਠੇ ਹਨ।