ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਅਕਤੂਬਰ
ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਵਿੱਚ ਰਾਈਟ ਟੂ ਐਜੂਕੇਸ਼ਨ (ਆਰਟੀਈ) ਤਹਿਤ ਆਰਥਿਕ ਪੱਖੋਂ ਕਮਜ਼ੋਰ (ਈਡਬਲਿਊਐੱਸ) ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਦਾਖਲਿਆਂ ਦਾ ਜ਼ਿੰਮਾ ਆਪਣੇ ਹੱਥ ਲੈ ਲਿਆ ਹੈ। ਵਿਭਾਗ ਵੱਲੋਂ ਇਨ੍ਹਾਂ ਸਕੂਲਾਂ ਵਿੱਚ ਅਗਲੇ ਵਿਦਿਅਕ ਸੈਸ਼ਨ ਅਪਰੈਲ 2023 ਤੋਂ ਦਾਖਲੇ ਕੀਤੇ ਜਾਣਗੇ ਜਿਸ ਲਈ ਮਾਪਿਆਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਇਸ ਸਬੰਧੀ ਡਾਇਰੈਕਟਰ ਸਕੂਲ ਐਜੂੇਕਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ 80 ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ 31 ਅਕਤੂਬਰ ਨੂੰ ਮੀਟਿੰਗ ਸੱਦੀ ਹੈ। ਇਹ ਮੀਟਿੰਗ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-19 ਵਿੱਚ ਸਵੇਰੇ 11 ਵਜੇ ਹੋਵੇਗੀ ਜਿਸ ਵਿੱਚ ਸਕੂਲਾਂ ਨੂੰ ਅਗਲੇ ਸਾਲ ਤੋਂ ਆਨਲਾਈਨ ਹੋਣ ਵਾਲੇ ਦਾਖਲਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵਿਭਾਗ ਨੇ ਇਹ ਫੈਸਲਾ ਗਰੀਬ ਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੇ ਮਾਪਿਆਂ ਦੀ ਖੱਜਲੀ ਖੁਆਰੀ ਘਟਾਉਣ ਲਈ ਕੀਤਾ ਹੈ। ਇਸ ਤੋਂ ਪਹਿਲਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਾਖਲੇ ਲਈ ਹਰ ਸਕੂਲ ਵਿੱਚ ਜਾ ਕੇ ਅਪਲਾਈ ਕਰਨਾ ਪੈਂਦਾ ਸੀ ਤੇ ਸਕੂਲ ਮਾਪਿਆਂ ਨੂੰ ਖਾਲੀ ਸੀਟਾਂ ਬਾਰੇ ਸਹੀ ਜਾਣਕਾਰੀ ਨਹੀਂ ਦਿੰਦੇ ਸਨ ਪਰ ਹੁਣ ਅਗਲੇ ਸਾਲ ਤੋਂ ਇਹ ਦਾਖਲੇ ਸਿੱਖਿਆ ਵਿਭਾਗ ਵੱਲੋਂ ਹੀ ਕੀਤੇ ਜਾਣਗੇ।
ਘਰ ਦੇ ਨੇੜਲੇ ਸਕੂਲਾਂ ਵਿੱਚ ਮਿਲਣਗੇ ਦਾਖਲੇ
ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ ਵਿਭਾਗ ਕੋਲ ਸਾਰੇ ਈਡਬਲਿਊਐੱਸ ਵਿਦਿਆਰਥੀਆਂ ਦਾ ਰਿਕਾਰਡ ਆ ਜਾਵੇਗਾ ਤਾਂ ਪਾਰਦਰਸ਼ੀ ਤਰੀਕੇ ਨਾਲ ਵਿਦਿਆਰਥੀਆਂ ਨੂੰ ਆਪਣੇ ਘਰ ਦੇ ਨੇੜਲੇ ਸਕੂਲਾਂ ਵਿੱਚ ਦਾਖਲ ਕੀਤਾ ਜਾਵੇਗਾ। ਵਿਭਾਗ ਵੱਲੋਂ ਘਰ ਤੋਂ ਇਕ ਤੋਂ ਡੇਢ ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਕਾਗਜ਼ਾਤ ਭੇਜੇ ਜਾਣਗੇ ਤੇ ਕਾਗਜ਼ਾਤ ਸਹੀ ਪਾਏ ਜਾਣ ’ਤੇ ਵਿਦਿਆਰਥੀਆਂ ਨੂੰ ਸਕੂਲਾਂ ਵੱਲੋਂ ਦਾਖਲ ਕੀਤਾ ਜਾਵੇਗਾ।