ਮੁਕੇਸ਼ ਕੁਮਾਰ
ਚੰਡੀਗੜ੍ਹ, 22 ਮਈ
ਸ਼ਹਿਰ ਵਿੱਚ ਪਾਣੀ ਦੀ ਬਰਬਾਦੀ ਰੋਕਣ ਲਈ 15 ਅਪਰੈਲ ਤੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਸ਼ਹਿਰ ਵਾਸੀ ਬਾਜ਼ ਨਹੀਂ ਆ ਰਹੇ। ਨਗਰ ਨਿਗਮ ਦੇ ਜਨ ਸਿਹਤ ਵਿਭਾਗ ਵਲੋਂ ਬਣਾਈਆਂ ਵਿਸ਼ੇਸ਼ ਟੀਮਾਂ ਵੱਲੋਂ ਅਜਿਹੇ ਡਿਫਾਲਟਰਾਂ ਦੇ ਚਲਾਨ ਕੱਟੇ ਜਾ ਰਹੇ ਹਨ। ਨਿਗਮ ਦੀਆਂ ਟੀਮਾਂ ਨੇ ਅੱਜ ਸਵੇਰੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਚੈਕਿੰਗ ਕੀਤੀ ਅਤੇ 20 ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਤੇ ਇਕ ਜਣੇ ਦਾ ਚਲਾਨ ਕੱਟਿਆ। ਨਿਗਮ ਵੱਲੋਂ ਮੌਜੂਦਾ ਸੀਜ਼ਨ ਵਿੱਚ ਹੁਣ ਤਕ 1566 ਡਿਫਾਲਟਰਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ ਤੇ 100 ਜਣਿਆਂ ਦੇ ਪੰਜ ਪੰਜ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਚਲਾਨ ਕੱਟੇ ਗਏ ਹਨ। ਪਾਬੰਦੀਆਂ ਦੀ ਵਾਰ ਵਾਰ ਉਲੰਘਣਾ ਕਰਨ ਵਾਲੇ ਇਕ ਖਪਤਕਾਰ ਦਾ ਪਾਣੀ ਦਾ ਮੀਟਰ ਵੀ ਜ਼ਬਤ ਕੀਤਾ ਗਿਆ ਹੈ। ਪਾਣੀ ਦੀ ਬਰਬਾਦੀ ਰੋਕਣ ਲਈ ਨਗਰ ਨਿਗਮ ਦੀ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਵਾਹਨ ਧੋਣ, ਪਾਰਕਾਂ ਦੀ ਸਿੰਜਾਈ, ਘਰਾਂ ਦੇ ਵੇਹੜੇ ਧੋਣ ਤੇ ਟੈਂਕੀਆਂ ਵਿੱਚ ਲੀਕੇਜ ਕਾਰਨ ਹਜ਼ਾਰਾਂ ਲਿਟਰ ਪਾਣੀ ਰੋਜ਼ਾਨਾ ਬਰਬਾਦ ਹੋ ਜਾਂਦਾ ਹੈ। ਪਾਣੀ ਦੀ ਬਚਤ ਲਈ ਮੇਅਰ ਸਰਬਜੀਤ ਕੌਰ ਸ਼ਹਿਰ ਵਾਸੀਆਂ ਨੂੰ ਕਈ ਵਾਰ ਅਪੀਲ ਕਰ ਚੁੱਕੀ ਹੈ। ਨਿਗਮ ਦੀਆਂ ਟੀਮਾਂ ਵੱਲੋਂ ਸ਼ਹਿਰ ਵਾਸੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਮੌਕੇ ’ਤੇ ਹੀ ਕਾਰਵਾਈ ਕੀਤੀ ਜਾਂਦੀ ਹੈ ਤੇ ਧਰਤੀ ਹੇਠ ਘਟ ਰਹੇ ਪਾਣੀ ਬਾਰੇ ਦੰਸਿਆ ਜਾਂਦਾ ਹੈ।