ਮੁਕੇਸ਼ ਕੁਮਾਰ
ਚੰਡੀਗੜ੍ਹ, 4 ਜੁਲਾਈ
ਚੰਡੀਗੜ੍ਹ ਸ਼ਹਿਰ ਵਿੱਚ ਸਵੱਛਤਾ ਨੂੰ ਲੈ ਕੇ ਨਗਰ ਨਿਗਮ ਪੱਬਾਂ-ਭਾਰ ਹੈ। ਨਗਰ ਨਿਗਮ ਵਲੋਂ ਸ਼ਹਿਰ ਦੀਆਂ ਸੜਕਾਂ ਅਤੇ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਹੋਰ ਸਖਤੀ ਕਰਨ ਜਾ ਰਿਹਾ ਹੈ। ਨਿਗਮ ਸ਼ਹਿਰ ਵਿੱਚ ਸਵੱਛਤਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਜਾਂ ਗੰਦਗੀ ਫੈਲਾਉਣ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਦਿਆਂ 11,576 ਰੁਪਏ ਦਾ ਚਲਾਨ ਕੱਟੇਗਾ।
ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ, ਪਿੰਡ ਦੀਆਂ ਗਲੀਆਂ, ਪਾਰਕਾਂ ਜਾਂ ਹੋਰ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੇ ਸ਼ਹਿਰ ਦੀਆਂ ਸੜਕਾਂ ਅਤੇ ਜਨਤਕ ਥਾਵਾਂ ‘ਤੇ ਕੂੜਾ ਜਾਂ ਹੋਰ ਵਸਤੂਆਂ ਸੁੱਟਣ ਵਾਲੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਯੋਜਨਾ ਬਣਾਈ ਹੈ। ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਨੇ ਅਪਰੈਲ ਤੋਂ ਜੂਨ, 2022 ਤੱਕ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲੇ 89 ਡਿਫਾਲਟਰਾਂ ਦੇ ਚਲਾਨ ਕੀਤੇ ਹਨ ਅਤੇ 11,576 ਰੁਪਏ ਪ੍ਰਤੀ ਡਿਫਾਲਟਰ ਜੁਰਮਾਨਾ ਲਗਾਇਆ ਗਿਆ। ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿੱਚ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲੇ ਲੋਕਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਜੁਰਮਾਨਾ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਸਬੰਧਤ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਸਬੂਤ ਵਜੋਂ ਡਿਫਾਲਟਰਾਂ ਦੀਆਂ ਤਸਵੀਰਾਂ ਲੈ ਕੇ ਚਲਾਨ ਕੱਟ ਕੇ ਜੁਰਮਾਨਾ ਲਗਾਉਣ। ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਵਾਲੇ ਅਜਿਹੇ ਡਿਫਾਲਟਰਾਂ ਨੂੰ ਨੱਥ ਪਾਉਣ ਦੀ ਮੁਹਿੰਮ ਸਾਰਾ ਸਾਲ ਜਾਰੀ ਰਹੇਗੀ। ਉਨ੍ਹਾਂ ਦੱਸਿਆ ਪਿਛਲੇ ਤਿੰਨ ਮਹੀਨਿਆਂ ਵਿੱਚ ਸ਼ਹਿਰ ਵਿੱਚ ਨਿਗਮ ਦੀ ਮੁਹਿੰਮ ਕਾਰਨ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਤਾਂ ਹੀ ਸੰਭਵ ਹੋਇਆ ਹੈ ਕਿ ਇਸ ਮੁਹਿੰਮ ਨੂੰ ਕੌਂਸਲਰਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ, ਸਰਕਾਰੀ ਵਿਭਾਗਾਂ ਅਤੇ ਸਕੂਲੀ ਬੱਚਿਆਂ ਸਮੇਤ ਸਾਰੇ ਵਰਗਾਂ ਦੇ ਲੋਕਾਂ ਦੀ ਸਰਗਰਮ ਸ਼ਮੂਲੀਅਤ ਨਾਲ ਲੋਕਾਂ ਦੀ ਪਹਿਲਕਦਮੀ ਸ਼ਾਮਲ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲਕਦਮੀ ਸਫਾਈ ਮੁਹਿੰਮ ਵਿੱਚ ਲੋਕਾਂ ਦੀ ਭਾਗੀਦਾਰੀ ਲਿਆਉਣਾ ਹੈ ਅਤੇ ਲੋਕਾਂ ਵਿੱਚ ਸਫਾਈ ਅਤੇ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।