ਕੁਲਦੀਪ ਸਿੰਘ
ਚੰਡੀਗੜ੍ਹ, 12 ਅਕਤੂਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 18 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਦਿਨ ਸੀ। ਇਸ ਦੌਰਾਨ ਅੱਜ ਕੁੱਲ 42 ਉਮੀਦਵਾਰਾਂ ਨੇ ਪ੍ਰਧਾਨ ਦੇ ਅਹੁਦੇ ਲਈ, 34 ਉਮੀਦਵਾਰਾਂ ਨੇ ਮੀਤ ਪ੍ਰਧਾਨ, 35 ਉਮੀਦਵਾਰਾਂ ਨੇ ਸਕੱਤਰ ਅਤੇ 34 ਉਮੀਦਵਾਰਾਂ ਨੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਦੱਸਣਯੋਗ ਹੈ ਕਿ ਇਸ ਵਾਰ ਵਿਦਿਆਰਥੀ ਚੋਣਾਂ ਵਿੱਚ ਮੁਕਾਬਲਾ ਕਾਫ਼ੀ ਮੁਸ਼ਕਿਲ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐੱਸਐੱਸ ਨੇ ਵੀ ਇਨ੍ਹਾਂ ਚੋਣਾਂ ਦੌਰਾਨ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਵਿਦਿਆਰਥੀ ਚੋਣਾਂ ਸਬੰਧੀ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅੱਜ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐੱਸਐੱਸ ਵੱਲੋਂ ਯੂਆਈਐੱਲਐੱਸ ਵਿਭਾਗ ਦੇ ਵਿਦਿਆਰਥੀ ਆਯੂਸ਼ ਖਟਕੜ ਨੇ ਕਾਗ਼ਜ਼ ਭਰੇ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਯੂਆਈਐੱਲਐੱਸ ਵਿਭਾਗ ਦੇ ਵਿਦਿਆਰਥੀ ਗੁਰਜੀਤ ਸਿੰਘ ਨੇ ਪ੍ਰਧਾਨ ਦੇ ਅਹੁਦੇ ਲਈ ਕਾਗਜ਼ ਭਰੇ। ਐੱਸਐੱਫਐੱਸ ਵੱਲੋਂ ਭਵਨਜੋਤ ਕੌਰ ਨੇ ਪ੍ਰਧਾਨ ਦੇ ਅਹੁਦੇ ਲਈ ਕਾਗਜ਼ ਦਾਖ਼ਲ ਕੀਤੇ। ‘ਸੱਥ’ ਵੱਲੋਂ ਕਾਨੂੰਨ ਵਿਭਾਗ ਦੇ ਵਿਦਿਆਰਥੀ ਜੋਧ ਸਿੰਘ ਨੇ ਪ੍ਰਧਾਨ ਦੇ ਉਮੀਦਵਾਰ ਵਜੋਂ ਕਾਗਜ਼ ਭਰੇ ਜਦਕਿ ਭੂਗੋਲ ਵਿਭਾਗ ਦੀ ਵਿਦਿਆਰਥਣ ਅੰਕਿਤਾ ਸਿੱਧੂ ਨੇ ਸੰਯੁਕਤ ਸਕੱਤਰ ਦੇ ਅਹੁਦੇ ਲਈ ਨਾਮਜ਼ਦਗੀ ਕਾਗਜ਼ ਭਰੇ।
ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਵੱਲੋਂ ਹਰੀਸ਼ ਗੁੱਜਰ ਨੇ ਪ੍ਰਧਾਨ ਦੇ ਅਹੁਦੇ ਲਈ ਕਾਗਜ਼ ਭਰੇ। ‘ਪੁਸੂ’ ਵੱਲੋਂ ਜ਼ੂਲੋਜੀ ਵਿਭਾਗ ਦੀ ਵਿਦਿਆਰਥਣ ਸ਼ਿਵਾਲੀ ਨੇ ਪ੍ਰਧਾਨ ਦੇ ਅਹੁਦੇ ਲਈ, ਯੂਆਈਐੱਲਐੱਸ ਵਿਭਾਗ ਤੋਂ ਸਮਰਬੀਰ ਸਿੰਘ ਕੰਬੋਜ ਨੇ ਮੀਤ ਪ੍ਰਧਾਨ, ਯੂਆਈਪੀਐੱਸ ਵਿਭਾਗ ਤੋਂ ਸਕਸ਼ਮ ਗਰਗ ਨੇ ਸਕੱਤਰ, ਯੂਆਈਈਟੀ ਦੇ ਵਿਦਿਆਰਥੀ ਆਤਿਸ਼ ਸ਼ਰਮਾ ਨੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ਵੱਲੋਂ ਮਾਧਵ ਸ਼ਰਮਾ ਨੇ, ਇਨਸੋ ਵੱਲੋਂ ਪਰਵੇਸ਼ ਬਿਸ਼ਨੋਈ ਨੇ ਪ੍ਰਧਾਨਗੀ ਲਈ ਕਾਗਜ਼ ਭਰੇ ਹਨ।
ਐੱਸਐੱਸਪੀ ਨੇ ਕੈਂਪਸ ਪਹੁੰਚ ਕੇ ਲਿਆ ਸਥਿਤੀ ਦਾ ਜਾਇਜ਼ਾ
ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਨੂੰ ਲੈ ਕੇ ਵੱਡੀ ਗਿਣਤੀ ਬਾਹਰੀ ਵਿਦਿਆਰਥੀਆਂ ਦੇ ਕੈਂਪਸ ਵਿੱਚ ਦਾਖ਼ਲ ਹੋਣ ਦੀ ਭਿਣਕ ਲੱਗਦਿਆਂ ਹੀ ਅੱਜ ਚੰਡੀਗੜ੍ਹ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਖ਼ੁਦ ਪੀਯੂ ਕੈਂਪਸ ਪਹੁੰਚੇ ਜਿੱਥੇ ਉਨ੍ਹਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕੈਂਪਸ ਵਿੱਚ ਤਾਇਨਾਤ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹਦਾਇਤ ਦਿੱਤੀ ਕਿ ਕੈਂਪਸ ਵਿੱਚ ਦਾਖ਼ਲ ਹੋਣ ਵਾਲੇ ਹਰੇਕ ਵਾਹਨ ਦੀ ਚੈਕਿੰਗ ਕੀਤੀ ਜਾਵੇ ਅਤੇ ਡੰਡੇ ਜਾਂ ਹਥਿਆਰਾਂ ਸਮੇਤ ਆਉਣ ਵਾਲੇ ਵਿਦਿਆਰਥੀਆਂ ਨੂੰ ਫੜ ਕੇ ਥਾਣੇ ਪਹੁੰਚਾਇਆ ਜਾਵੇ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਵਿਦਿਆਰਥੀ ਚੋਣਾਂ ਨੂੰ ਲੈ ਕੇ 18 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 4.30 ਵਜੇ ਤੱਕ ਪੰਜਾਬ ਯੂਨੀਵਰਸਿਟੀ ਦਾ ਪੀਜੀਆਈ ਵਾਲੇ ਪਾਸੇ ਦਾ ਗੇਟ ਨੰਬਰ-1 ਬੰਦ ਰਹੇਗਾ।