ਹਰਜੀਤ ਸਿੰਘ
ਡੇਰਾਬੱਸੀ, 28 ਅਗਸਤ
ਇੱਥੋਂ ਦੀ ਤਹਿਸੀਲ ਸੜਕ ’ਤੇ ਲੱਗਣ ਵਾਲੇ ਜਾਮ ਦੀ ਸਮੱਸਿਆ ਹੱਲ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਸਥਾਨਕ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਇਸ ਸੜਕ ’ਤੇ ਜਾਮ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਸਮੱਸਿਆ ਦਾ ਹੱਲ ਕੱਢਣ ਵਿੱਚ ਨਾਕਾਮ ਸਾਬਤ ਹੋ ਰਹੇ ਹਨ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡੇਰਾਬੱਸੀ ਬੱਸ ਸਟੈਂਡ ਤੋਂ ਦਰਜਨਾਂ ਪਿੰਡਾਂ ਨੂੰ ਜਾਣ ਵਾਲੀ ਤਹਿਸੀਲ ਸੜਕ ਇਲਾਕੇ ਦੀ ਇਕ ਅਹਿਮ ਸੜਕ ਹੈ। ਰੋਜ਼ਾਨਾ ਵੱਡੀ ਗਿਣਤੀ ਵਾਹਨ ਚਾਲਕ ਇਸ ਸੜਕ ਦੀ ਵਰਤੋਂ ਕਰਕੇ ਤਹਿਸੀਲ ਕੰਪਲੈਕਸ ਵਿੱਚ ਆਪਣੇ ਕੰਮਾਂ ਕਾਰਾਂ ਸਮੇਤ ਪਿੰਡਾਂ ਨੂੰ ਆਉਂਦੇ ਜਾਂਦੇ ਹਨ। ਇਸ ਤੋਂ ਇਲਾਵਾ ਪੁਰਾਣੇ ਡੇਰਾਬੱਸੀ ਵਿੱਚ ਜਾਣ ਲਈ ਵੀ ਇਸੇ ਸੜਕ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਤਹਿਸੀਲ ਕੰਪਲੈਕਸ ’ਚ ਪਾਰਕਿੰਗ ਦੇ ਪ੍ਰਬੰਧ ਨਾ ਹੋਣ ਕਾਰਨ ਲੋਕ ਆਪਣੇ ਵਾਹਨ ਸੜਕ ਕੰਢੇ ਖੜ੍ਹੇ ਕਰ ਦਿੰਦੇ ਹਨ। ਸਿੱਟੇ ਵਜੋਂ ਇੱਥੇ ਰੋਜ਼ਾਨਾ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਇਹ ਸੜਕ ਪਹਿਲਾਂ ਹੀ ਇੰਨੀ ਤੰਗ ਹੈ ਕਿ ਜੋ ਇੱਥੋਂ ਲੰਘਣ ਵਾਲੇ ਵਾਹਨਾਂ ਦਾ ਲੋਡ ਚੁੱਕਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਇਸ ਵੇਲੇ ਤਹਿਸੀਲ ਕੰਪਲੈਕਸ ਵਿੱਚ ਐੱਸਡੀਐੱਮ ਦਫਤਰ, ਮਾਲ ਵਿਭਾਗ ਦੇ ਕੰਮ-ਕਾਰ, ਫਰਦ ਕੇਂਦਰ, ਸੁਵਿਧਾ ਸੈਂਟਰ, ਪਟਵਾਰਖਾਨਾ, ਅਦਾਲਤੀ ਕੰਪਲੈਕਸ ਚੱਲ ਰਹੇ ਹਨ। ਇੱਥੇ ਜਾਮ ਦੀ ਸਮੱਸਿਆ ਨੂੰ ਦੇਖਦਿਆਂ ਇੱਥੋਂ ਅਦਾਲਤੀ ਕੰਪਲੈਕਸ ਬਾਹਰ ਤਬਦੀਲ ਕਰਨ ਦੀ ਯੋਜਨਾ ਉਲੀਕੀ ਗਈ ਸੀ ਜਿਸ ਲਈ ਪਿੰਡ ਜਵਾਹਰਪੁਰ ’ਚ ਥਾਂ ਦੀ ਚੋਣ ਵੀ ਕਰ ਲਈ ਸੀ ਪਰ ਹਾਲੇ ਤੱਕ ਇਹ ਯੋਜਨਾ ਵਿਚਾਲੇ ਹੀ ਲਟਕ ਰਹੀ ਹੈ। ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇੱਥੇ ਜਾਮ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਬਾਰੇ ਟਰੈਫਿਕ ਇੰਚਾਰਜ ਸਹਾਇਕ ਇੰਸਪੈਕਟਰ ਨਰਿੰਦਰ ਸੂਦ ਨੇ ਦੱਸਿਆ ਕਿ ਇੱਥੇ ਆਉਣ ਵਾਲੇ ਵਾਹਨਾਂ ਦੇ ਹਿਸਾਬ ਨਾਲ ਪਾਰਕਿੰਗ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਇਹ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਕੰਟਰੋਲ ਕਰਨ ਲਈ ਇੱਥੇ ਸਵੇਰ ਤੋਂ ਸ਼ਾਮ ਤੱਕ ਟਰੈਫਿਕ ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਲ ਕੇ ਇਸ ਸਮੱਸਿਆ ਦੇ ਹੱਲ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ।