ਮੁਕੇਸ਼ ਕੁਮਾਰ
ਚੰਡੀਗੜ੍ਹ, 11 ਮਾਰਚ
ਇਥੋਂ ਦੇ ਸੈਕਟਰ-37 ਦੀ ਕੋਠੀ ਦੇ ਮਾਲਕ ਨੂੰ ਅਗਵਾ ਕਰ ਕੇ ਕੋਠੀ ਨੂੰ ਫਰਜ਼ੀ ਦਸਤਾਵੇਜ਼ਾਂ ਰਾਹੀਂ ਵੇਚਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਸਤਪਾਲ ਡਾਗਰ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਤਪਾਲ ਡਾਗਰ ਡੀਐੱਸਪੀ ਰਾਮ ਗੋਪਾਲ ਦਾ ਭਰਾ ਹੈ। ਉਸ ਦਾ ਅੱਜ ਪੁਲੀਸ ਰਿਮਾਂਡ ਖਤਮ ਹੋਇਆ ਸੀ ਜਿਸ ਮਗਰੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਦੋ ਹੋਰ ਮੁਲਜ਼ਮ ਪੱਤਰਕਾਰ ਸੰਜੀਵ ਮਹਾਜਨ ਅਤੇ ਪ੍ਰਾਪਰਟੀ ਡੀਲਰ ਮਨੀਸ਼ ਗਰਗ ਵੀ ਮੌਜੂਦਾ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ।
ਸੂਤਰਾਂ ਅਨੁਸਾਰ ਪੁਲੀਸ ਵੱਲੋਂ ਸਤਪਾਲ ਡਾਗਰ ਦੀ ਰਿਮਾਂਡ ਦੌਰਾਨ ਕੀਤੀ ਗਈ ਪੁੱਛ-ਪੜਤਾਲ ਦੌਰਾਨ ਕੋਠੀ ਵੇਚਣ ਦੇ ਮਾਮਲੇ ਵਿੱਚ ਕੋਠੀ ਦੇ ਨਕਲੀ ਮਾਲਕ ਬਾਰੇ ਕੋਈ ਸੁਰਾਗ਼ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਡਾਗਰ ਨੂੰ ਲੰਘੀ 9 ਮਾਰਚ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਰਿਮਾਂਡ ਦੌਰਾਨ ਪੁਲੀਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕੋਠੀ ਦੇ ਨਕਲੀ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਉਹ ਕੋਠੀ ਵੇਚਣ ਵੇਲੇ ਤਹਿਸੀਲਦਾਰ ਸਾਹਮਣੇ ਕੋਠੀ ਦਾ ਕਥਿਤ ਤੌਰ ’ਤੇ ਮਾਲਕ ਬਣਕੇ ਪੇਸ਼ ਹੋਇਆ ਸੀ। ਕੋਠੀ ਦੇ ਅਸਲੀ ਮਾਲਕ ਰਾਹੁਲ ਮਹਿਤਾ ਨੂੰ ਪੁਲੀਸ ਨੇ ਆਪਣੀ ਸੁਰੱਖਿਆ ਹੇਠ ਰੱਖਿਆ ਹੋਇਆ ਹੈ।
ਕੇਸ ਵਿੱਚ ਕੁੱਲ ਨੌਂ ਮੁਲਜ਼ਮ ਨਾਮਜ਼ਦ; ਇਕ ਦੀ ਮੌਤ
ਕੋਠੀ ਨੂੰ ਧੋਖਾਧੜੀ ਰਾਹੀਂ ਵੇਚਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਨਾਮਜ਼ਦ 9 ਮੁਲਜ਼ਮਾਂ ਵਿਚੋਂ ਫਿਲਹਾਲ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਪੱਤਰਕਾਰ ਸੰਜੀਵ ਮਹਾਜਨ ਅਤੇ ਪ੍ਰਾਪਰਟੀ ਡੀਲਰ ਮਨੀਸ਼ ਗਰਗ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਭੇਜੇ ਜਾ ਚੁੱਕੇ ਹਨ। ਮੁਲਜ਼ਮ ਸਤਪਾਲ ਡਾਗਰ ਨੂੰ ਅੱਜ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਬਾਕੀ ਛੇ ਮੁਲਜ਼ਮਾਂ ਵਿਚੋਂ ਪੰਜ ਦੀ ਭਾਲ ਜੰਗੀ ਪੱਧਰ ’ਤੇ ਜਾਰੀ ਹੈ। ਇਨ੍ਹਾਂ ਵਿੱਚੋਂ ਇਕ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਜਾਇਦਾਦ ਬਾਰੇ ਪੁਲੀਸ ਘੋਖ ਕਰ ਰਹੀ ਹੈ। ਇਸ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜੇ ਮਨੀਸ਼ ਗਰਗ ਨੇ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਲਗਾਈ ਹੋਈ ਹੈ ਜਿਸ ’ਤੇ 12 ਮਾਰਚ ਨੂੰ ਸੁਣਵਾਈ ਹੋਣੀ ਹੈ।