ਪੱਤਰ ਪ੍ਰੇਰਕ
ਬਨੂੜ, 14 ਮਈ
ਪਿਛਲੇ ਵਰ੍ਹੇ ਵਾਂਗ ਮੁਸਲਿਮ ਭਰਾਵਾਂ ਨੇ ਇਸ ਵੇਰ ਵੀ ਆਪਣੇ ਘਰਾਂ ਵਿੱਚ ਹੀ ਈਦ-ਉਲ-ਫ਼ਿਤਰ ਦੀ ਨਮਾਜ਼ ਅਦਾ ਕੀਤੀ। ਬਨੂੜ, ਸਨੇਟਾ, ਗੁਡਾਣਾ ਆਦਿ ਪਿੰਡਾਂ ਦੀਆਂ ਮਸਜਿਦਾਂ ਵਿੱਚ ਇਸ ਵੇਰ ਕੋਈ ਭੀੜ ਨਹੀਂ ਜੁੜੀ।
ਅਮਲੋਹ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ’ਤੇ ਪਿੰਡ ਧਰਮਗੜ੍ਹ, ਭੱਟੋਂ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਮੁਸਲਿਮ ਭਾਈਚਾਰੇ ਨੂੰ ਪੁੱਜ ਕੇ ਵਧਾਈਆਂ ਦੇਣ ’ਤੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਈਦ-ਉਲ-ਫ਼ਿਤਰ ਦੇ ਸ਼ੁਭ ਤਿਉਹਾਰ ਮੌਕੇ ਮੁਸਲਿਮ ਭਰਾਵਾਂ ਨੇ ਅੱਜ ਘਰਾਂ ਵਿੱਚ ਰਹਿ ਕੇ ਹੀ ਨਮਾਜ਼ ਅਦਾ ਕੀਤੀ। ਕਰੋਨਾ ਦਾ ਅਸਰ ਵੀ ਇਸ ਤਿਉਹਾਰ ਉੱਤੇ ਵੇਖਣ ਨੂੰ ਮਿਲਿਆ। ਮੁਸਲਿਮ ਆਗੂ ਅਲੀ ਹੁਸੈਨ ਮਾਲੇਰਕੋਟਲਾ ਨੂੰ ਜ਼ਿਲ੍ਹਾ ਐਲਾਨਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਇੱਥੇ ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ, ਚਾਹੜ ਤਮਾਜਰਤਾ, ਘੰਡੌਲੀ, ਸਿੱਸਵਾਂ, ਹੁਸ਼ਿਆਰਪੁਰ, ਰਾਣੀਮਾਜਰਾ, ਤੀੜਾ, ਮਾਣਕਪੁਰ ਸ਼ਰੀਫ, ਮਾਜਰਾ, ਸਿਆਲਬਾ, ਮਾਜਰੀ,ਤਾਰਾਪੁਰ ਵਿੱਚ ਈਦ ਮਨਾਈ ਗਈ।
ਪਿਤਾ ਦੀ ਯਾਦ ’ਚ ਜ਼ਮੀਨ ਦਿੱਤੀ
ਬਸੀ ਪਠਾਣਾਂ (ਪੱਤਰ ਪ੍ਰੇਰਕ): ਸਮਾਜ ਸੇਵੀ ਕਮਲ ਗੁਪਤਾ ਨੇ ਈਦ ਮੌਕੇ ਆਪਣੇ ਪਿਤਾ ਸਵਰਗੀ ਬਾਲ ਕ੍ਰਿਸ਼ਨ ਗੁਪਤਾ ਦੀ ਯਾਦ ਵਿੱਚ ਉਨ੍ਹਾਂ ਕੋਲ ਲੰਬੇਂ ਸਮੇਂ ਤੋਂ ਕਬਜ਼ੇ ਵਿੱਚ ਪਈ ਜਾਮਾ ਮਸਜਿਦ ਦੀ ਜ਼ਮੀਨ ਮੁਸਲਮਾਨ ਭਾਈਚਾਰੇ ਨੂੰ ਕਾਗ਼ਜਾਂ ਸਮੇਤ ਸੌਂਪ ਕੇ ‘ਹਿੰਦੂ-ਮੁਸਲਿਮ’ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ। ਸਥਾਨਕ ਜਾਮਾ ਮਸਜਿਦ ਵਿੱਚ ਉਨ੍ਹਾਂ ਜ਼ਮੀਨ ਦੇ ਕਾਗਜ਼ਾਤ ਅਤੇ ਜ਼ਮੀਨ ਦਾ ਕਬਜ਼ਾ ਮੁਸਲਿਮ ਭਾਈਚਾਰੇ ਦੇ ਚੇਅਰਮੈਨ ਸੈਫ ਅਹਿਮਦ, ਡਾ.ਅਸ਼ਰਫ, ਡਾ.ਸਮੀਮ ਨੂੰ ਸੌਂਪੇ। ਮੁਸਲਿਮ ਭਾਈਚਾਰੇ ਵੱਲੋਂ ਕਮਲ ਗੁਪਤਾ ਅਤੇ ਉਨ੍ਹਾਂ ਦੇ ਪੁੱਤਰ ਰਵੀਸ਼ ਗੁਪਤਾ ਸਨਮਾਨ ਵੀ ਕੀਤਾ ਗਿਆ।