ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਗਸਤ
ਚੰਡੀਗੜ੍ਹ ਦਾ ਵੀਆਈਪੀ ਸੈਕਟਰ ਮੰਨੇ ਜਾਂਦੇ ਸੈਕਟਰ-8 ਵਿੱਚ ਰਹਿੰਦੀ ਬਿਰਧ ਔਰਤ ਦਾ ਸ਼ੁੱਕਰਵਾਰ ਦੇਰ ਰਾਤ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ 98 ਸਾਲਾ ਜੋਗਿੰਦਰ ਕੌਰ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸਐੱਪੀ ਕੁਲਦੀਪ ਸਿੰਘ ਚਹਿਲ ਤੇ ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਇਸ ਘਟਨਾ ਤੋਂ 24 ਘੰਟੇ ਬਾਅਦ ਵੀ ਪੁਲੀਸ ਦੇ ਹੱਥ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗ ਸੱਕਿਆ ਹੈ। ਪੁਲੀਸ ਪਰਿਵਾਰਕ ਮੈਂਬਰਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਬਿਰਧ ਔਰਤ ਦੀ ਖੂਨ ਨਾਲ ਲੱਥ-ਪੱਥ ਲਾਸ਼ ਘਰ ਦੀ ਲੌਬੀ ਵਿੱਚ ਪਈ ਸੀ। ਜਿਸ ਬਾਰੇ ਘਰ ਵਿੱਚ ਕੰਮ ਕਰਦੀ ਮਹਿਲਾ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਉਕਤ ਸ਼ਿਕਾਇਤ ’ਤੇ ਬਿਰਧ ਔਰਤ ਨੂੰ ਸੈਕਟਰ-16 ਦੇ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲੀਸ ਨੇ ਘਟਨਾ ਵਾਲੀ ਥਾਂ ਤੋਂ ਚਾਕੂ ਬਰਾਮਦ ਕੀਤਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪਤੀ ਮੇਹਰ ਸਿੰਘ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਦਾ ਲੜਕਾ ਤੇ ਲੜਕੀ ਵਿਦੇਸ਼ ਵਿੱਚ ਰਹਿੰਦੇ ਸਨ। ਘਰ ਵਿੱਚ ਇਸ ਵੇਲੇ ਬਿਰਧ ਔਰਤ ਤੋਂ ਬਿਨਾਂ ਘਰ ਵਿੱਚ ਕੰਮ ਕਰਨ ਵਾਲੇ ਨੌਕਰ-ਨੌਕਰਾਣੀ ਸਮੇਤ ਬਿਰਧ ਔਰਤ ਦੇ ਪਤੀ ਦੀ ਪਹਿਲੀ ਪਤਨੀ ਦੀ ਨੂੰਹ ਰਹਿ ਰਹੀ ਸੀ, ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਚੰਡੀਗੜ੍ਹ ਪੁਲੀਸ ਦੇ ਐੱਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਘਰ ਦੇ ਅੰਦਰ-ਬਾਹਰ ਅਤੇ ਆਲੇ-ਦੁਆਲੇ ਹਰ ਪਾਸੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਜਿਸ ਵਿੱਚ ਕਿਸੇ ਦੇ ਘਰ ਵਿੱਚ ਦਾਖਲ ਹੋਣ ਜਾਂ ਬਾਹਰ ਆਉਣ ਦੀ ਫੁਟੇਜ ਦਿਖਾਈ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈੇ।