ਹਰਜੀਤ ਸਿੰਘ
ਡੇਰਾਬੱਸੀ, 11 ਅਕਤੂਬਰ
ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦ ਕਾਂਗਰਸ ਪਾਰਟੀ ਦੇ ਸੱਤ ਸਣੇ ਕੁੱਲ ਨੌਂ ਕੌਂਸਲਰ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਤਿੰਨ ਕੌਂਸਲਰਾਂ ਨੇ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਵਿਧਾਇਕ ਸ੍ਰੀ ਰੰਧਾਵਾ ਨੂੰ ਆਪਣਾ ਸਮਰਥਨ ਦੇ ਦਿੱਤਾ। ‘ਆਪ’ ਨੂੰ ਪ੍ਰਧਾਨ ਬਣਾਉਣ ਲਈ ਕੁੱਲ 19 ਕੌਂਸਲਰਾਂ ਵਿੱਚੋਂ 11 ਕੌਂਸਲਰ ਚਾਹੀਦੇ ਹਨ ਜਦਕਿ ਪਾਰਟੀ ਕੋਲ ਅਕਾਲੀ ਦਲ ਦੇ ਤਿੰਨ ਕੌਂਸਲਰ ਅਤੇ ਹਲਕਾ ਵਿਧਾਇਕ ਦੀ ਇਕ ਵੋਟ ਨਾਲ ਕੁੱਲ 13 ਵੋਟਾਂ ਹੋ ਗਈਆਂ ਹਨ।
ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਕੌਂਸਲਰਾਂ ਦੀ ਬਗਾਵਤ ਨੂੰ ਦੇਖਦਿਆਂ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ। ਇਸ ਮਗਰੋਂ ਆਸ ਕੀਤੀ ਜਾ ਰਹੀ ਸੀ ਕਿ ਬਾਗੀ ਕੌਂਸਲਰ ਛੇਤੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ।
ਕੌਂਸਲ ਵਿੱਚ ਕੁੱਲ 19 ਕੌਂਸਲਰ ਹਨ। ਹੁਣ ਆਮ ਆਦਮੀ ਪਾਰਟੀ ਦਾ ਕੌਂਸਲ ’ਤੇ ਕਬਜ਼ਾ ਕਰਨ ਦਾ ਰਾਹ ਸਾਫ਼ ਹੋ ਗਿਆ ਹੈ। ਇਨ੍ਹਾਂ ਵਿੱਚ 14 ਕਾਂਗਰਸ, ਤਿੰਨ ਅਕਾਲੀ ਦਲ, ਇਕ ਭਾਜਪਾ ਅਤੇ ਇਕ ਆਜ਼ਾਦ ਕੌਂਸਲਰ ਸ਼ਾਮਲ ਹੈ। ਇਨ੍ਹਾਂ ਵਿੱਚ ਕਾਂਗਰਸ ਪਾਰਟੀ ਦੇ 14 ਵਿੱਚੋਂ ਸੱਤ ਕੌਂਸਲਰ ਅੱਜ ‘ਆਪ’ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਵਿੱਚ ਵਾਰਡ ਨੰਬਰ ਸੱਤ ਤੋਂ ਵਿਪਨਦੀਪ ਕੌਰ ਪਤਨੀ ਦਵਿੰਦਰ ਸਿੰਘ, ਵਾਰਡ ਨੰਬਰ ਅੱਠ ਤੋਂ ਜਸਵਿੰਦਰ ਸਿੰਘ, ਵਾਰਡ ਨੰਬਰ 11 ਤੋਂ ਇੰਦੂ ਸੈਣੀ ਪਤਨੀ ਚਮਨ ਸੈਣੀ, ਵਾਰਡ ਨੰਬਰ 15 ਤੋਂ ਸੁਸ਼ਮਾ ਚੱਢਾ ਪਤਨੀ ਉਪਿੰਦਰ ਚੱਢਾ, ਵਾਰਡ ਨੰਬਰ 16 ਤੋਂ ਹਰਵਿੰਦਰ ਪਟਵਾਰੀ, ਵਾਰਡ ਨੰਬਰ 17 ਤੋਂ ਕੁਲਵਿੰਦਰ ਕੌਰ ਪਤਨੀ ਜਸਪਾਲ ਸਿੰਘ, ਵਾਰਡ ਨੰਬਰ 19 ਤੋਂ ਵਿਕਰਾਂਤ ਪਵਾਰ ਸ਼ਾਮਲ ਹਨ। ਭਾਜਪਾ ਦਾ ਵਾਰਡ ਨੰਬਰ 12 ਤੋਂ ਅਮਿਤ ਵਰਮਾ ਅਤੇ ਵਾਰਡ ਨੰਬਰ 13 ਤੋਂ ਆਜ਼ਾਦ ਕੌਂਸਲਰ ਆਸ਼ੂ ਉਪਨੇਜਾ ਪਤਨੀ ਨਰੇਸ਼ ਉਪਨੇਜਾ ਸ਼ਾਮਲ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਕੌਂਸਲਰ ਮਨਵਿੰਦਰ ਸਿੰਘ ਟੋਨੀ ਰਾਣਾ ਅਤੇ ਹਰਵਿੰਦਰ ਸਿੰਘ ਪਿੰਕਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਨੂੰ ਦੇਖਦਿਆਂ ਉਨ੍ਹਾਂ ਨੇ ਹਲਕਾ ਵਿਧਾਇਕ ਸ੍ਰੀ ਰੰਧਾਵਾ ਨੂੰ ਬਾਹਰ ਤੋਂ ਸਮਰਥਨ ਦਿੱਤਾ ਗਿਆ ਹੈ।