ਆਤਿਸ਼ ਗੁਪਤਾ
ਚੰਡੀਗੜ੍ਹ, 29 ਦਸੰਬਰ
ਚੰਡੀਗੜ੍ਹ ਵਿੱਚ ਨਵੇਂ ਸਾਲ ਦੀ ਆਮਦ ’ਤੇ ਰਾਤ ਦਾ ਕਰਫਿਊ ਨਹੀਂ ਲੱਗੇਗਾ ਜਦਕਿ ਸ਼ਹਿਰ ਵਿਚਲੇ ਕਲੱਬ, ਹੋਟਲ ਜਾਂ ਰੈਸਟੋਰੈਂਟ ਮਾਲਕ ਕੇਂਦਰ ਸਰਕਾਰ ਦੀ ਹਦਾਇਤਾਂ ਅਨੁਸਾਰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸਮਾਗਮ ਕਰ ਸਕਣਗੇ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ ਕੀਤਾ ਹੈ। ਸ੍ਰੀ ਬਦਨੌਰ ਨੇ ਡੀਜੀਪੀ ਚੰਡੀਗੜ੍ਹ ਨੂੰ ਹਦਾਇਤ ਕੀਤੀ ਕਿ ਨਵੇਂ ਸਾਲ ਦੀ ਆਮਦ ’ਤੇ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਜਦਕਿ ਹੋਟਲ, ਕਲੱਬ ਅਤੇ ਰੈਸਟੋਰੈਂਟ ਨੂੰ ਸਮੇਂ ਸਿਰ ਬੰਦ ਕਰਵਾ ਦਿੱਤਾ ਜਾਵੇ।
ਨਵੇਂ ਸਾਲ ਦੀ ਆਮਦ ’ਤੇ ਸ਼ਹਿਰ ਵਿੱਚ ਹੋਣ ਵਾਲੇ ਸਮਾਗਮਾਂ ਸਬੰਧੀ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਹੋਟਲ ਮਾਲਕਾਂ ਦੇ ਨਾਲ ਮੀਟਿੰਗ ਕਰ ਕੇ ਸਮਾਗਮਾਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸ੍ਰੀ ਬਰਾੜ ਨੇ ਦੱਸਿਆ ਕਿ ਸ਼ਹਿਰ ਵਿਚਲੇ ਹੋਟਲ, ਰੈਸਟੋਰੈਂਟ ਅਤੇ ਕਲੱਬ ਵੱਲੋਂ ਆਪਣੀ ਸਮਰਥਾਂ ਤੋਂ 50 ਫ਼ੀਸਦੀ ਸਿਟਿੰਗ ਜਾਂ ਵੱਧ ਤੋਂ ਵੱਧ 200 ਜਣਿਆਂ ਦੇ ਇਕੱਠ ਲਈ ਪ੍ਰਵਾਨਗੀ ਦਿੱਤੀ ਗਈ ਹੈ।
ਚੰਡੀਗੜ੍ਹ ਪੁਲੀਸ ਨੇ ਨਵੇਂ ਸਾਲ ਦੀ ਜਸ਼ਨ ’ਤੇ ਸ਼ਹਿਰ ਵਿੱਚ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਜਾਵੇਗੀ।
ਪ੍ਰਸ਼ਾਸਕ ਵੱਲੋਂ ਨਵੇਂ ਸਾਲ ’ਤੇ ਰਾਤ ਇੱਕ ਵਜੇ ਤੱਕ ਘਰ ਪਹੁੰਚਣ ਦੀ ਅਪੀਲ
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਨਵੇਂ ਸਾਲ ਦੀ ਆਮਦ ’ਤੇ ਹੋਟਲ, ਰੈਸਟੋਰੈਂਟ ਅਤੇ ਕਲੱਬ ਮਾਲਕਾਂ ਨੂੰ ਕੇਂਦਰ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨ ਬਾਰੇ ਕਿਹਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਨਵੇਂ ਸਾਲ ਦੇ ਮੌਕੇ ਰਾਤ ਇਕ ਵਜੇ ਤੱਕ ਆਪੋ-ਆਪਣੇ ਘਰਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ, ਜਿਸ ਨਾਲ ਸ਼ਹਿਰ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ।