ਮੁਕੇਸ਼ ਕੁਮਾਰ
ਚੰਡੀਗੜ੍ਹ, 9 ਅਗਸਤ
ਪਰਿਵਾਰਕ ਤੰਗੀਆਂ-ਤਰੁਸ਼ੀਆਂ ਕਾਰਨ ਆਪਣੇ ਸ਼ੌਕ ਤੇ ਇੱਛਾਵਾਂ ਨੂੰ ਦਫ਼ਨ ਕਰ ਕੇ ਦਿਹਾੜੀ ਕਰਨ ਲਈ ਮਜਬੂਰ 23 ਸਾਲ ਦੀ ਖਿਡਾਰਨ ਰੀਤੂ ਦੇ ਹੁਣ ਦਿਨ ਫਿਰਨ ਦੀ ਕੁੱਝ ਉਮੀਦ ਬੱਝੀ ਹੈ। ਇਥੋਂ ਦੇ ਮੇਅਰ ਰਵੀ ਕਾਂਤ ਸ਼ਰਮਾ ਨੇ ਮੁੱਕੇਬਾਜ਼ੀ, ਕੁਸ਼ਤੀ ਅਤੇ ਵਾਲੀਬਾਲ ਵਿੱਚ ਕੌਮੀ ਅਤੇ ਸਟੇਟ ਪੱਧਰ ’ਤੇ ਖੇਡ ਚੁੱਕੀ ਰੀਤੂ ਦੀ ਕੋਚਿੰਗ ਲਈ ਮਾਲੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰੀਤੂ ਦੇ ਚੰਡੀਗੜ੍ਹ ਦੇ ਸੈਕਟਰ 22 ਦੀ ਇੱਕ ਪਾਰਕਿੰਗ ਵਿੱਚ ਨੌਕਰੀ ਕਰਨ ਸਬੰਧੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ। ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਨੇ ਅੱਜ ਆਪਣੇ ਦਫ਼ਤਰ ਵਿੱਚ ਰੀਤੂ ਨੂੰ ਮੁੱਕੇਬਾਜ਼ੀ ਦੀ ਕਿੱਟ ਦਿੱਤੀ। ਇਸਦੇ ਨਾਲ ਹੀ ਉਸ ਦੀ ਕੋਚਿੰਗ ਅਤੇ ਹੋਰ ਖ਼ਰਚਿਆਂ ਨੂੰ ਆਪਣੇ ਪੱਧਰ ’ਤੇ ਸਹਾਇਤਾ ਦੇਣ ਦਾ ਵਾਅਦਾ ਕੀਤਾ। ਮੇਅਰ ਰਵੀ ਕਾਂਤ ਨੇ ਦੱਸਿਆ ਕਿ ਪਾਰਕਿੰਗ ਦਾ ਠੇਕਾ ਲੈਣ ਵਾਲੀ ਕੰਪਨੀ ਨੂੰ ਰੀਤੂ ਨੂੰ ਡਿਊਟੀ ਤੋਂ ਫਾਰਗ ਕਰਨ ਅਤੇ ਉਸਦੀ ਬਣਦੀ ਪੂਰੀ ਤਨਖ਼ਾਹ ਜਾਰੀ ਕਰਨ ਲਈ ਕਿਹਾ ਗਿਆ ਹੈ।
ਚੰਡੀਗੜ੍ਹ ਦੇ ਪਿੰਡ ਧਨਾਸ ਦੀ ਰਹਿਣ ਵਾਲੀ ਰੀਤੂ ਆਪਣੇ ਘਰ ਦੀ ਮਾਲੀ ਹਾਲਤ ਖ਼ਰਾਬ ਹੋਣ ਕਾਰਨ ਪਾਰਕਿੰਗ ਦੀਆਂ ਪਰਚੀਆਂ ਕੱਟਣ ਲਈ ਮਜਬੂਰ ਸੀ। ਉਸਦੇ ਪਿਤਾ ਰਿਕਸ਼ਾ ਚਲਾਉਂਦੇ ਸਨ। ਉਨ੍ਹਾਂ ਨੂੰ ਸ਼ੂਗਰ ਹੋਣ ਦੇ ਨਾਲ ਅੱਖਾਂ ਵਿੱਚ ਮੋਤੀਆ ਉਤਰ ਆਇਆ। ਇਸ ਲਈ ਉਸਨੂੰ ਆਪਣੇ ਪਿਤਾ ਦੀ ਬਿਮਾਰੀ ਦੇ ਇਲਾਜ ਦਾ ਖ਼ਰਚ ਚੁੱਕਣ ਲਈ ਆਪਣੀ ਪੜ੍ਹਾਈ ਦੇ ਨਾਲ ਖੇਡਾਂ ਦੀ ਪ੍ਰੈਕਟਿਸ ਵੀ ਛੱਡਣੀ ਪਈ। ਰੀਤੂ ਨੇ ਦੱਸਿਆ ਕਿ ਉਹ ਖੇਡਾਂ ਵਿੱਚ ਨਾਮ ਕਮਾਉਣ ਦੇ ਨਾਲ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦੀ ਹੈ। ਮੇਅਰ ਰਵੀ ਕਾਂਤ ਵੱਲੋਂ ਮਾਲੀ ਮਦਦ ਦੇ ਐਲਾਨ ਮਗਰੋਂ ਰੀਤੂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।