ਪੱਤਰ ਪ੍ਰੇਰਕ
ਅਮਲੋਹ, 11 ਸਤੰਬਰ
ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਸਬ ਡਿਵੀਜ਼ਨ ਅਮਲੋਹ ਵਿੱਚ ਕੌਮੀ ਲੋਕ ਅਦਾਲਤ ਲਾਈ ਗਈ। ਸਬ ਡਿਵੀਜ਼ਨ ਜੁਡੀਸ਼ੀਅਲ ਮੈਜਿਸਟ੍ਰੇਟ ਸ਼ੈਂਪੀ ਚੌਧਰੀ ਦੀ ਅਗਵਾਈ ਹੇਠ ਇੱਥੇ ਲਗਾਈ ਲੋਕ ਅਦਾਲਤ ਵਿਚ ਜਿੱਥੇ 21 ਸਾਲ ਪੁਰਾਣੇ ਰੋਹਿਤ ਬਰਮਾਨੀ ਬਨਾਮ ਸਟੀਲ ਟਾਊਨ ਕੇਸ ਦਾ ਨਿਪਟਾਰਾ ਕੀਤਾ ਉਥੇ ਵੱਖ-ਵੱਖ ਕੇਸਾਂ ਦੌਰਾਨ ਅਦਾਲਤ ਵਿਚ 1 ਕਰੋੜ 90 ਲੱਖ ਰੁਪਏ ਐਵਾਰਡ ਪਾਸ ਕੀਤੇ ਗਏ ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਦੀ ਅਗਵਾਈ ਵਿਚ ਅੱਜ ਹਰਿਆਣਾ ਦੇ 22 ਜ਼ਿਲ੍ਹਿਆਂ ਅਤੇ 33 ਸਬ ਡਿਵੀਜ਼ਨਾਂ ਵਿਚ ਕੌਮੀ ਲੋਕ ਅਦਾਲਤਾਂ ਲਾਈਆਂ ਗਈਆਂ ਜਿਨ੍ਹਾਂ ਦੀ ਸੁਪਰੀਮ ਕੋਰਟ ਆਫ ਇੰਡੀਆ ਦੇ ਜੱਜ ਅਤੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਉਦੈ ਉਮੇਸ਼ ਲਲਿਤ ਅਤੇ ਜਸਟਿਸ ਰਾਜਨ ਗੁਪਤਾ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨਿਗਰਾਨੀ ਕੀਤੀ।
ਐੱਸਏਐੱਸ ਨਗਰ (ਪੱਤਰ ਪ੍ਰੇੇਰਕ): ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਅਜੇ ਤਿਵਾੜੀ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐੱਸ ਰਾਏ ਦੀ ਯੋਗ ਅਗਵਾਈ ਵਿੱਚ ਅੱਜ ਕੌਮੀ ਲੋਕ ਅਦਾਲਤ ਲਗਈ ਗਈ।ਲੋਕ ਅਦਾਲਤ ਵਿੱਚ ਕੁੱਲ 5880 ਕੇਸ ਸੁਣਵਾਈ ਲਈ ਰੱਖੇ ਗਏ, ਜਿਨ੍ਹਾਂ ਵਿੱਚੋਂ 2117 ਕੇਸਾਂ ਦਾ ਨਬਿੇੜਾ ਕਰਕੇ ਕੁੱਲ 70,48,05,198 ਕੀਮਤ ਦੇ ਐਵਾਰਡ ਪਾਸ ਕੀਤੇ ਗਏ।