ਪੱਤਰ ਪ੍ਰੇਰਕ
ਚੰਡੀਗੜ੍ਹ, 8 ਸਤੰਬਰ
ਪੀ.ਜੀ.ਆਈ. ਚੰਡੀਗੜ੍ਹ ਵਿੱਚ ਕੌਮੀ ਅੱਖਾਂ ਦਾਨ ਪੰਦਰਵਾੜਾ 25 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਮਨਾਇਆ ਗਿਆ ਜਿਸ ਦਾ ਉਦਘਾਟਨ ਡਾਇਰੈਕਟਰ ਪ੍ਰੋ. ਵਿਵੇਕ ਲਾਲ ਅਤੇ ਐਡਵਾਂਸਡ ਆਈ ਸੈਂਟਰ ਦੇ ਮੁਖੀ ਪ੍ਰੋ ਐਸ.ਐਸ. ਪਾਂਡਵ ਵੱਲੋਂ ਕੀਤਾ ਗਿਆ ਸੀ। ਪੰਦਰਵਾੜੇ ਦੇ ਸਬੰਧ ਵਿੱਚ ਇਸ ਸਾਲ ਲੋਕਾਂ ਵਿੱਚ ਅੱਖਾਂ ਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ, ਕਾਲਜਾਂ ਵਿੱਚ ਪੇਂਟਿੰਗ ਮੁਕਾਬਲੇ, ਲੇਖ ਲਿਖਣ ਮੁਕਾਬਲੇ, ਜਨਤਕ ਸਥਾਨਾਂ, ਐਫ.ਐਮ. ਰੇਡੀਓ, ਏ.ਆਈ.ਆਰ. ਚੰਡੀਗੜ੍ਹ ਅਤੇ ਡੀ.ਡੀ. ਚੰਡੀਗੜ੍ਹ ਵਿਖੇ ਅੱਖਾਂ ਦਾਨ ਲਈ ਲੈਕਚਰ ਸੀਰੀਜ਼ ਕਰਵਾਈ ਗਈ। ਇਨ੍ਹਾਂ ਗਤੀਵਿਧੀਆਂ ਦੇ ਜੇਤੂਆਂ ਨੂੰ ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਵਿੱਚ ਸਮਾਗਮ ਮੌਕੇ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਦੱਸਿਆ ਕਿ ਇਸ ਸਮੇਂ ਭਾਰਤ ਵਿੱਚ ਲਗਭਗ 1.1 ਮਿਲੀਅਨ ਲੋਕ ਕੋਰਨੀਆ ਪੱਖੋਂ ਨੇਤਰਹੀਣ ਹਨ। ਪੀਜੀਆਈ ਵਿੱਚ ਲਗਭਗ 2,800 ਮਰੀਜ਼ ਕੋਰਨੀਅਲ ਟਰਾਂਸਪਲਾਂਟੇਸ਼ਨ ਦੀ ਉਡੀਕ ਕਰ ਰਹੇ ਹਨ ਪਰ ਹਸਪਤਾਲ ਨੂੰ ਹਰ ਸਾਲ ਸਿਰਫ਼ 600 ਤੋਂ 700 ਕੋਰਨੀਆਂ ਹੀ ਮਿਲ ਰਹੇ ਹਨ।