ਪੱਤਰ ਪ੍ਰੇਰਕ
ਚੰਡੀਗੜ੍ਹ, 3 ਮਾਰਚ
ਯੂਟੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਅੱਜ ਚੰਡੀਗੜ੍ਹ ਵਿੱਚ ਸਾਲ 2021-22 ਲਈ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਹਿਰ ਵਿੱਚ ਪ੍ਰਾਹੁਣਚਾਰੀ ਉਦਯੋਗ ਅਤੇ ਸੈਰ-ਸਪਾਟਾ ਨੂੰ ਹੁਲਾਰਾ ਦੇਣ ਲਈ ਹੋਟਲਾਂ/ਬਾਰਾਂ ਤੇ ਰੈਸਤਰਾਂ ਦੀਆਂ ਲਾਇਸੈਂਸ ਫੀਸਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸੇ ਦੌਰਾਨ ਸ਼ਰਾਬ ਦੇ ਅਹਾਤਿਆਂ ਵਿੱਚ ਐਲਕੋਮੀਟਰ ਰੱਖਣੇ ਲਾਜ਼ਮੀ ਕਰ ਦਿੱਤੇ ਗਏ ਹਨ। ਇਸ ਨਵੀਂ ਆਬਕਾਰੀ ਨੀਤੀ ਨਾਲ ਸਾਲ 2021-22 ਵਿੱਚ ਯੂਟੀ ਪ੍ਰਸ਼ਾਸਨ ਨੂੰ ਲਗਭਗ 700 ਕਰੋੜ ਰੁਪਏ ਦੀ ਆਮਦਨ ਹੋਵੇਗੀ। ਇਸ ਵਾਰ ਸ਼ਰਾਬ ਦੇ ਠੇਕਿਆਂ ਦੀ ਗਿਣਤੀ 94 ਤੋਂ ਵਧਾ ਕੇ 96 ਕਰ ਦਿੱਤੀ ਗਈ ਹੈ। ਇੱਕ ਫ਼ਰਮ ਜਾਂ ਕੰਪਨੀ ਨੂੰ ਵੱਧ ਤੋਂ ਵੱਧ 10 ਠੇਕੇ ਹੀ ਅਲਾਟ ਕੀਤੇ ਜਾਣਗੇ। ਇਸੇ ਦੌਰਾਨ ਮਿਨੀ ਬਾਰ ਦੀ ਸਹੂਲਤ ਥ੍ਰੀ-ਸਟਾਰ, 4-ਸਟਾਰ ਅਤੇ 5-ਸਟਾਰ ਹੋਟਲਾਂ ਜਾਂ ਇਨ੍ਹਾਂ ਤੋਂ ਉੱਪਰ ਦੀ ਸ਼੍ਰੇਣੀ ਵਾਲੇ ਹੋਟਲਾਂ ਨੂੰ ਹੀ ਮਿਲ ਸਕੇਗੀ। ਘੱਟ ਅਲਕੋਹਲ ਵਾਲੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਲਈ ਬੀਅਰ ਦੀ ਇੱਕ ਨਵੀਂ ਸ਼੍ਰੇਣੀ (ਸੁਪਰਮਾਈਲਡ ਬੀਅਰ) ਪੇਸ਼ ਕੀਤੀ ਗਈ ਹੈ ਜਿਸ ਵਿੱਚ ਅਲਕੋਹਲ ਦੀ ਮਾਤਰਾ 3.5 ਫੀਸਦ ਹੋਵੇਗੀ। ਘੱਟ ਐਲਕੋਹਲ ਵਾਲੀਆਂ ਸ਼੍ਰੇਣੀਆਂ ਜਿਵੇਂ ਬੀਅਰ, ਵਾਈਨ ਅਤੇ ਵਿਸ਼ੇਸ਼ ਕਰਕੇ ਇੰਡੀਅਨ ਵਾਈਨ ਨੂੰ ਉਤਸ਼ਾਹਿਤ ਕਰਨ ਲਈ ਐਕਸਾਈਜ਼ ਡਿਊਟੀ ਵਧਾਈ ਨਹੀਂ ਗਈ ਹੈ। ਦੇਸੀ ਸ਼ਰਾਬ ਉੱਤੇ ਵੀ ਐਕਸਾਈਜ਼ ਡਿਊਟੀ ਵਧਾਈ ਨਹੀਂ ਗਈ ਅਤੇ ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ ਉੱਤੇ ਐਕਸਾਈਜ਼ ਡਿਊਟੀ ਲਗਭਗ 6 ਪ੍ਰਤੀਸ਼ਤ ਵਧਾਈ ਗਈ ਹੈ।
ਇਸੇ ਦੌਰਾਨ ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ ਦਾ ਕੋਟਾ 100 ਲੱਖ ਪਰੂਫ਼ ਲਿਟਰ ਤੋਂ ਵਧਾ ਕੇ 110 ਲੱਖ ਪਰੂਫ ਲਿਟਰ, ਦੇਸੀ ਸ਼ਰਾਬ ਦਾ ਕੋਟਾ 8 ਲੱਖ ਪਰੂਫ਼ ਲਿਟਰ ਤੋਂ ਵਧਾ ਕੇ 12 ਲੱਖ ਪਰੂਫ਼ ਲਿਟਰ ਅਤੇ ਵਿਦੇਸ਼ੀ ਸ਼ਰਾਬ (ਬਾਇਓ ਬਰਾਂਡ ਵਿਸਕੀ) ਦਾ ਕੋਟਾ 3.30 ਲੱਖ ਪਰੂਫ਼ ਲਿਟਰ ਤੋਂ ਵਧਾ ਕੇ 3.50 ਲੱਖ ਪਰੂਫ਼ ਲਿਟਰ ਕਰ ਦਿੱਤਾ ਗਿਆ ਹੈ।
ਠੇਕਿਆਂ ਵਿੱਚ ਸਫ਼ਾਈ ਜ਼ਰੂਰੀ
ਪ੍ਰਚੂਨ (ਰਿਟੇਲ) ਲਾਇਸੈਂਸਧਾਰਕਾਂ ਨੂੰ ਠੇਕੇ ਦੇ ਅੰਦਰ-ਬਾਹਰ ਅਤੇ ਆਸਪਾਸ ਸਫ਼ਾਈ ਅਤੇ ਸਵੱਛਤਾ ਦਾ ਖਾਸ ਖਿਆਲ ਰੱਖਣਾ ਪਵੇਗਾ ਨਹੀਂ ਤਾਂ ਜੁਰਮਾਨੇ ਕੀਤੇ ਜਾਣਗੇ। ਸ਼ਰਾਬ ਉੱਤੇ ਗਊ ਸੈੱਸ ਜਾਰੀ ਰਹੇਗਾ। ਸਾਲ 2021-22 ਵਿੱਚ ਸ਼ਹਿਰ ਵਿੱਚ ਕੋਈ ਵੀ ਨਵਾਂ ਬਾਟਲਿੰਗ ਪਲਾਂਟ ਦਾ ਲਾਇਸੈਂਸ ਜਾਰੀ ਨਹੀਂ ਕੀਤਾ ਜਾ ਸਕੇਗਾ।