ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 4 ਮਾਰਚ
ਪਰਵਾਸੀ ਭਾਰਤੀ ਅਤੇ ਪੁਰੀ ਫਾਊਂਡੇਸ਼ਨ ਯੂਕੇ ਦੇ ਚੇਅਰਮੈਨ ਨੱਥੂ ਰਾਮ ਪੁਰੀ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕਰ ਕੇ ਕਰੀਬ ਦੋ ਦਹਾਕੇ ਪਹਿਲਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਸਪੁਰਦ ਕੀਤੇ ਗਏ ਮੁੰਨਾ ਲਾਲ ਪੁਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਲਾਂਪੁਰ ਗਰੀਬਦਾਸ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੈ। ਸਕੂਲ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਬਣਾਏ ਗਏ ਖੇਡ ਸਟੇਡੀਅਮ ਦੇ ਕਮਰੇ ਪੁਲੀਸ ਨੇ ਮੱਲ ਲਏ ਹਨ ਜਦੋਂਕਿ ਗਰਾਊਂਡ ਨੂੰ ਕਮਿਊਨਿਟੀ ਸੈਂਟਰ ਵਜੋਂ ਵਰਤਿਆ ਜਾ ਰਿਹਾ ਹੈ। ਇੱਥੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇਣ ਉਪਰੰਤ ਪੁਰੀ ਡਿਵੈਲਪਮੈਂਟ ਟਰੱਸਟ ਦੇ ਚੇਅਰਮੈਨ ਤੇ ਸਮਾਜ ਸੇਵੀ ਅਰਵਿੰਦ ਪੁਰੀ ਨੇ ਕਿਹਾ ਕਿ ਸਕੂਲ ਦੇ ਆਲੇ-ਦੁਆਲੇ ਬੇਸ਼ੁਮਾਰ ਗੰਦਗੀ ਫੈਲੀ ਹੋਈ ਹੈ, ਜਿਸ ਕਾਰਨ ਬਿਮਾਰੀ ਫੈਲਣ ਦਾ ਖ਼ਦਸ਼ਾ ਹੈ। ਗੰਦੇ ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਨਾ ਹੋਣ ਕਾਰਨ ਚਾਰਦੀਵਾਰੀ ਦੀ ਕੰਧ ਵੀ ਕਈ ਥਾਵਾਂ ਤੋਂ ਟੁੱਟ ਗਈ ਹੈ। ਉਨ੍ਹਾਂ ਦੱਸਿਆ ਕਿ ਪਰਵਾਸੀ ਭਾਰਤੀ ਨੱਥੂ ਰਾਮ ਪੁਰੀ ਨੇ 2002 ਵਿੱਚ ਕਰੀਬ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦੀ ਆਲੀਸ਼ਾਨ ਇਮਾਰਤ ਬਣਾ ਕੇ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹਵਾਲੇ ਕੀਤੀ ਸੀ।
ਉਨ੍ਹਾਂ ਦੱਸਿਆ ਕਿ 2005 ਵਿੱਚ ਸਮਾਜ ਸੇਵੀ ਲਾਲਾ ਲਾਜਪਤ ਰਾਏ ਲੁਧਿਆਣਾ ਨੇ 10 ਲੱਖ ਰੁਪਏ ਦਾਨ ਦਿੱਤੇ ਸਨ। ਇਸ ਰਾਸ਼ੀ ’ਚੋਂ ਪੰਜ ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ, ਸਟੇਜ ਅਤੇ ਦੋ ਕਮਰੇ ਤਿਆਰ ਕੀਤੇ ਗਏ ਸਨ ਅਤੇ ਬਾਕੀ ਰਕਮ ਨਾਲ ਬਾਜ਼ਾਰ ਤੋਂ ਸਕੂਲ ਤੱਕ ਸੜਕ ਬਣਾਈ ਗਈ ਸੀ ਪਰ ਪਿਛਲੇ ਕਾਫ਼ੀ ਸਮੇਂ ਤੋਂ ;ਸਟੇਡੀਅਮ ਵਾਲੇ ਦੋਵੇ ਕਮਰਿਆਂ ਵਿੱਚ ਪੁਲੀਸ ਮੁਲਾਜ਼ਮ ਰਹਿ ਰਹੇ ਹਨ ਜਦੋਂਕਿ ਸਕੂਲ ਦੇ ਗਰਾਊਂਡ ਵਿੱਚ ਲੋਕ ਟੈਂਟ ਲਗਾ ਕੇ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮ ਕਰਵਾਉਂਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਦੀ ਸ਼ਾਨ ਇਸ ਸਰਕਾਰੀ ਸਕੂਲ ਦੇ ਵਿਕਾਸ ਵੱਲ ਧਿਆਨ ਦਿੱਤਾ ਜਾਵੇ।
ਸਕੂਲ ਲਈ ਫ਼ੰਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ: ਸਰਪੰਚ
ਮੁੱਲਾਂਪੁਰ ਗਰੀਬਦਾਸ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਰਕਾਰ ਦੀ ਮਦਦ ਨਾਲ ਪਿੰਡ ਦਾ ਕਾਫ਼ੀ ਵਿਕਾਸ ਕੀਤਾ ਗਿਆ ਹੈ ਪ੍ਰੰਤੂ ਸਕੂਲ ਨੇੜਿਓਂ ਲੰਘਦੇ ਗੰਦੇ ਨਾਲੇ ਦੇ ਵਿਕਾਸ ਲਈ ਕੋਈ ਗਰਾਂਟ ਨਾ ਮਿਲਣ ਕਾਰਨ ਦਿੱਕਤ ਪੇਸ਼ ਆ ਰਹੀ ਹੈ। ਖੇਡ ਸਟੇਡੀਅਮ ਦੇ ਕਮਰਿਆਂ ਨੂੰ ਪੁਲੀਸ ਮੁਲਾਜ਼ਮਾਂ ਕੋਲੋਂ ਖਾਲੀ ਕਰਵਾਏ ਜਾਣ ਬਾਰੇ, ਸਰਪੰਚ ਨੇ ਕਿਹਾ ਕਿ ਉਨ੍ਹਾਂ (ਪੁਲੀਸ) ਨਾਲ ਕੌਣ ਲੜ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਇਸ ਕੰਮ ਲਈ ਲੋੜੀਂਦੇ ਫੰਡ ਜੁਟਾਉਣ ਵਾਸਤੇ ਚਾਰਾਜੋਈ ਕੀਤੀ ਜਾਵੇਗੀ।
ਕੀ ਕਹਿੰਦੇ ਨੇ ਅਧਿਕਾਰੀ
ਸਕੂਲ ਦੀ ਪ੍ਰਿੰਸੀਪਲ ਗੁਰਜੀਤ ਕੌਰ ਰੰਧਾਵਾ ਨੇ ਕਿਹਾ ਕਿ ਖੇਡ ਸਟੇਡੀਅਮ ਅਤੇ ਸਕੂਲ ਦੇ ਗਰਾਊਂਡ ਵਾਲੀ ਜ਼ਮੀਨ ਹਾਲੇ ਵੀ ਗ੍ਰਾਮ ਪੰਚਾਇਤ ਅਧੀਨ ਹੈ। ਉਂਜ ਵੀ ਇਸ ਸ਼ਾਮਲਾਤ ਜ਼ਮੀਨ ਦਾ ਗਰਾਮ ਪੰਚਾਇਤ ਨਾਲ ਝਗੜਾ ਚੱਲ ਰਿਹਾ ਹੈ ਅਤੇ ਸਟੇਅ ਲੱਗੀ ਹੋਈ ਹੈ, ਜਿਸ ਕਾਰਨ ਸਕੂਲ ਸਟਾਫ਼ ਨੂੰ ਆਪਣੇ ਵਾਹਨ ਵੀ ਨਾਲ ਲੱਗਦੀ ਜ਼ਮੀਨ ਵਿੱਚ ਖੜ੍ਹੇ ਕਰਨੇ ਪੈਂਦੇ ਹਨ।