ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 2 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਦੇ ਸੈਕਟਰ 25 ਸਥਿਤ ਦੇ ਐੱਮਆਰਐਫ ਸੈਂਟਰ (ਕੂੜੇ ਨੂੰ ਵੱਖੋ ਵੱਖਰਾ ਕਰਨ ਦਾ ਸੈਂਟਰ) ਦਾ ਸੰਚਾਲਨ ਮਹਿਲਾਵਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ। ਅੱਜ ਗਾਂਧੀ ਜੈਅੰਤੀ ਮੌਕੇ ’ਤੇ ਸ਼ਹਿਰ ਦੀ ਮੇਅਰ ਸਰਬਜੀਤ ਕੌਰ ਨੇ ਇਸ ਐੱਮਆਰਐੱਫ ਸੈਂਟਰ ਨੂੰ ਮਹਿਲਾਵਾਂ ਨੂੰ ਸੌਂਪਿਆ ਅਤੇ ਇਸ ਕੇਂਦਰ ਦਾ ਨਾਮ ‘ਪਿੰਕ ਐੱਮਆਰਐੱਫ’ ਰੱਖਿਆ। ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਅਜਿਹਾ ਸੈਂਟਰ ਹੋਵੇਗਾ ਜਿੱਥੇ ਸਿਰਫ਼ ਮਹਿਲਾ ਕਰਮਚਾਰੀ ਹੀ ਕੰਮ ਕਰਨਗੀਆਂ। ਇਸ ਤਾਇਨਾਤ ਮਹਿਲਾ ਕਰਮਚਾਰੀਆਂ ਹੁਣ ਕਨਵੇਅਰ ਬੈਲਟ ’ਤੇ ਸੁੱਕੇ ਕੂੜੇ ਨੂੰ ਵੱਖ ਕਰਨ ਦੀ ਡਿਊਟੀ ਨਿਭਾਉਣਗੇ।
ਸਵੱਛ ਸਰਵੇਖਣ: ਪੁਰੋਹਿਤ ਵੱਲੋਂ ਚੰਡੀਗੜ੍ਹ ਨਗਰ ਨਿਗਮ ਨੂੰ ਵਧਾਈ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਵੱਚ ਸਰਵੇਖਣ-2022 ਨੂੰ ਲੈਕੇ ਲੰਘੇ ਦਿਨ ਦਿੱਲੀ ਵਿੱਚ ਘੋਸ਼ਿਤ ਨਤੀਜਿਆਂ ਦੌਰਾਨ ਚੰਡੀਗੜ੍ਹ ਸ਼ਹਿਰ ਦੀ 12ਵੀਂ ਰੈੰਕਿੰਗ ਆਉਣ ਦੇ ਨਗਰ ਨਿਗਮ ਪ੍ਰਸ਼ਾਸਨ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਦਿੱਲੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਅਵਾਰਡ ਲੈ ਕੇ ਨਵੀਂ ਦਿੱਲੀ ਤੋਂ ਪਰਤਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਮੇਅਰ ਸਰਬਜੀਤ ਕੌਰ, ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਸੀਨੀਅਰ ਡਿਪਟੀ ਮੇਅਰ ਦਲੀਪ ਸ਼ਰਮਾ, ਡਿਪਟੀ ਮੇਅਰ ਅਨੂਪ ਗੁਪਤਾ ਨੇ ਅੱਜ ਸ਼ਾਮ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਧਰ ਸਾਬਕਾ ਮੇਅਰ ਤੇ ਚੰਡੀਗੜ੍ਹ ਕਾਂਗਰਸ ਆਗੂ ਸੁਭਾਸ਼ ਚਾਵਲਾ ਨੇ ਕਿਹਾ ਕਿ ਸਫ਼ਾਈ ਪੱਖੋਂ ਚੰਡੀਗੜ੍ਹ ਦਾ 12ਵਾਂ ਸਥਾਨ ਮਾਣ ਵਾਲੀ ਗੱਲ ਨਹੀਂ ਸਗੋਂ ਨਮੋਸ਼ੀ ਵਾਲੀ ਗੱਲ ਹੈ।