ਕਰਮਜੀਤ ਸਿੰਘ ਚਿੱਲਾ
ਬਨੂੜ, 3 ਅਗਸਤ
ਇੱਥੋਂ ਦੇ ਥਾਣਾ ਰੋਡ ਉੱਤੇ ਵਾਰਡ ਨੰਬਰ ਗਿਆਰਾਂ ਵਿਚ ਪੈਂਦੀ ਮੀਰਾਂ ਸ਼ਾਹ ਕਲੋਨੀ ਵਿੱਚ ਅੱਜ ਤੀਜੇ ਦਿਨ ਵੀ ਸੋਗ ਛਾਇਆ ਰਿਹਾ। ਸੋਮਵਾਰ ਨੂੰ ਇਸ ਕਲੋਨੀ ਦੇ ਬਾਜ਼ੀਗਰ ਬਰਾਦਰੀ ਨਾਲ ਸਬੰਧਤ ਸੱਤ ਨੌਜਵਾਨਾਂ ਦੀ ਊਨਾ ਨੇੜੇ ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਇਨ੍ਹਾਂ ਵਿੱਚ ਇੱਕ ਨੌਜਵਾਨ 35 ਸਾਲਾਂ ਦਾ ਸੀ ਤੇ ਬਾਕੀ ਛੇ ਨੌਜਵਾਨ ਪੰਦਰਾਂ ਤੋਂ ਵੀਹ ਸਾਲ ਦੀ ਉਮਰ ਦੇ ਸਨ।
ਕਲੋਨੀ ਵਿੱਚ 200 ਦੇ ਕਰੀਬ ਘਰ ਹਨ ਤੇ ਸਾਰੇ ਪਰਿਵਾਰਾਂ ਦੀ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਦੀ ਸਾਂਝ ਹੈ। ਇਹ ਕਲੋਨੀ ਇੱਥੇ ਵਸਦੀ ਬਰਾਦਰੀ ਦੇ ਪੁਰਖਿਆਂ ਨੇ 1947 ਵਿੱਚ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਤੋਂ ਆ ਕੇ ਵਸਾਈ ਸੀ। ਕਲੋਨੀ ਵਿੱਚ ਸੋਗ ਅਤੇ ਚੁੱਪ ਪਸਰੀ ਹੋਈ ਹੈ। ਜੇ ਕੁੱਝ ਸੁਣਾਈ ਦੇ ਰਿਹਾ ਹੈ ਤਾਂ ਮ੍ਰਿਤਕ ਪਰਿਵਾਰਾਂ ਦੇ ਘਰਾਂ ਦੇ ਅੰਦਰੋਂ ਰੋਣ ਤੇ ਵਿਰਲਾਪ ਦੀਆਂ ਆਵਾਜ਼ਾਂ। ਕਲੋਨੀ ਦੇ ਬਾਸ਼ਿੰਦੇ ਤਿੰਨ ਦਿਨਾਂ ਤੋਂ ਮਜ਼ਦੂਰੀ ਕਰਨ ਵੀ ਨਹੀਂ ਜਾ ਰਹੇ ਤੇ ਉਹ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਧਰਵਾਸਾ ਦੇਣ ਵਿੱਚ ਲੱਗੇ ਹੋਏ ਹਨ। ਸ਼ਹਿਰ ਦੇ ਵੱਡੀ ਗਿਣਤੀ ਵਿੱਚ ਵਸਨੀਕ ਵੀ ਬਾਜ਼ੀਗਰ ਭਾਈਚਾਰੇ ਨੂੰ ਇਸ ਔਖੀ ਘੜੀ ਵਿੱਚ ਸਹਿਯੋਗ ਦੇਣ ਲਈ ਪਹੁੰਚ ਰਹੇ ਹਨ।
ਵੇਰਵਿਆਂ ਅਨੁਸਾਰ 65 ਸਾਲਾਂ ਦੇ ਸੁਰਜੀਤ ਰਾਮ ਅਤੇ ਉਸ ਦੀ ਪਤਨੀ ਸ਼ਾਨੋ ਦਾ ਬਹੁਤ ਬੁਰਾ ਹੈ। ਉਨ੍ਹਾਂ ਦਾ 35 ਸਾਲਾਂ ਦਾ ਪੁੱਤਰ ਪਵਨ ਕੁਮਾਰ, ਜਿਹੜਾ ਆਪਣੇ ਪਿੱਛੇ ਵਿਧਵਾ ਸਮੇਤ ਤਿੰਨ ਲੜਕੀਆਂ ਅਤੇ ਇੱਕ ਛੇ ਮਹੀਨੇ ਦਾ ਪੁੱਤਰ ਛੱਡ ਗਿਆ ਹੈ, ਤਿੰਨ ਪੋਤਰੇ, ਜਿਨ੍ਹਾਂ ਵਿੱਚ ਦੋ ਸਕੇ ਭਰਾ ਰਮਨ ਕੁਮਾਰ ਅਤੇ ਲਾਭ ਕੁਮਾਰ ਤੋਂ ਇਲਾਵਾ ਲਖਵੀਰ ਸਿੰਘ ਸ਼ਾਮਲ ਸਨ, ਝੀਲ ਵਿੱਚ ਡੁੱਬੇ ਸਨ। ਸੁਰਜੀਤ ਰਾਮ ਅੱਖਾਂ ਭਰ ਕੇ ਆਖਦਾ ਹੈ ਕਿ ਸਾਡੇ ਪਰਿਵਾਰ ਦੇ ਮੈਂਬਰ ਪਾਣੀ ਵਿੱਚ ਨਹੀਂ ਡੁੱਬੇ, ਸਾਡੇ ਘਰ ਦਾ ਭਵਿੱਖ ਹੀ ਪਾਣੀ ਵਿੱਚ ਡੁੱਬ ਗਿਆ ਹੈ। ਦੋ ਪੁੱਤਰਾਂ ਨੂੰ ਗਵਾ ਚੁੱਕਿਆ ਸੁਰਜੀਤ ਰਾਮ ਦਾ ਪੁੱਤਰ ਲਾਲ ਚੰਦ ਪਿਛਲੇ ਦੋ ਸਾਲਾਂ ਤੋਂ ਗੰਭੀਰ ਹਾਦਸੇ ਮਗਰੋਂ ਘਰ ਬੈਠਾ ਹੈ। ਗਿਆਰਵੀਂ ਵਿੱਚ ਪੜ੍ਹਦਾ ਇਕਲੌਤਾ ਪੁੱਤਰ ਸ਼ਿਵ ਕੁਮਾਰ ਗੁਆ ਚੁੱਕੇ ਅਵਤਾਰ ਸਿੰਘ ਕੁੱਝ ਬੋਲਣ ਦੀ ਥਾਂ ਹੰਝੂ ਭਰ ਲੈਂਦਾ ਹੈ।
ਨਿਗੂਣੇ ਮੁਆਵਜ਼ੇ ਕਾਰਨ ਪੀੜਤ ਪਰਿਵਾਰ ਸਰਕਾਰ ਤੋਂ ਖ਼ਫਾ
ਮ੍ਰਿਤਕਾਂ ਦੇ ਵਾਰਿਸ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਬਾਜ਼ੀਗਰ ਬਰਾਦਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਲੱਖ ਪ੍ਰਤੀ ਮ੍ਰਿਤਕ ਲਈ ਐਲਾਨੀ ਗਈ ਰਾਸ਼ੀ ਨੂੰ ਨਿਗੂਣਾ ਦੱਸ ਰਹੇ ਹਨ। ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗੁਆ ਚੁੱਕੇ ਸੁਰਜੀਤ ਰਾਮ ਤੇ ਹੋਰਨਾਂ ਨੇ ਆਖਿਆ ਕਿ ਸਰਕਾਰ ਸਮੁੱਚੇ ਪਰਿਵਾਰਾਂ ਨੂੰ ਦਸ ਲੱਖ ਪ੍ਰਤੀ ਮ੍ਰਿਤਕ ਅਤੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ। ਉਨ੍ਹਾਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਇੱਕ ਲੱਖ ਦੀ ਮੁਆਵਜ਼ਾ ਰਾਸ਼ੀ ਲੈਣੋਂ ਵੀ ਨਾਂਹ ਕਰ ਦਿੱਤੀ ਹੈ।