ਸਰਬਜੀਤ ਸਿੰਘ ਭੱਟੀ
ਲਾਲੜੂ, 25 ਅਗਸਤ
ਲਾਲੜੂ-ਹੰਡੇਸਰਾ ਸੜਕ ’ਤੇ ਪਿੰਡ ਬੱਲੋਪੁਰ ਕੋਲ ਬੀਤੀ ਦੇਰ ਰਾਤ ਤੇਜ਼ ਰਫਤਾਰ ਦੋ ਕੰਟੇਨਰਾਂ ਦੀ ਲਪੇਟ ਵਿੱਚ ਆਉਣ ਕਾਰਨ ਸੜਕ ਹਾਦਸਾ ਵਾਪਰ ਗਿਆ, ਜਿਸ ਦੇ ਚੱਲਦੇ 42 ਸਾਲਾ ਮੋਟਰਸਾਈਕਲ ਸਵਾਰ ਦੀ ਬੁਰੀ ਤਰ੍ਹਾਂ ਦਰੜੇ ਜਾਣ ਕਾਰਨ ਮੌਤ ਹੋ ਗਈ।
ਮ੍ਰਿਤਕ ਦੀ ਲਾਸ਼ ਦੇ ਟੁਕੜੇ ਪੱਲੀ ਵਿੱਚ ਇਕੱਠੇ ਕਰਕੇ ਉਸ ਦੇ ਪਰਿਵਾਰ ਵਾਲੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬਸੀ ਲੈ ਕੇ ਗਏ। ਪੁਲੀਸ ਨੇ ਦੋਵੇਂ ਕੰਟੇਨਰ ਚਾਲਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਮ੍ਰਿਤਕ ਦੇ ਭਰਾ ਜਤਿੰਦਰ ਪ੍ਰਸਾਦ ਪੁੱਤਰ ਇੰਦਰਦੇਵ ਪ੍ਰਸਾਦ ਵਾਸੀ ਵਾਰਡ ਨੰਬਰ 4, ਹਰਦੇਵ ਨਗਰ, ਲਾਲੜੂ ਮੰਡੀ ਨੇ ਦੱਸਿਆ ਕਿ ਉਸ ਦਾ ਭਰਾ ਰਾਜੇਸ਼ ਕੁਮਾਰ ਸਾਹ ਉਮਰ 42 ਸਾਲ ਸਵਾਮੀ ਪਰਮਾਨੰਦ ਕਾਲਜ ਕੋਲ ਪਲਾਈ ਫੈਕਟਰੀ ਕੋਲ ਕਰਿਆਨੇ ਦੀ ਦੁਕਾਨ ਕਰਦਾ ਸੀ। ਉਹ ਖੁਦ ਚਾਵਲਾ ਭੱਠਾ ਮਲਕਪੁਰ ਵਿੱਚ ਕਰਿਆਨੇ ਦੀ ਦੁਕਾਨ ਕਰਦੇ ਹਨ। ਬੀਤੀ ਰਾਤ 9.30 ਵਜੇ ਦੇ ਕਰੀਬ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਭਰਾ ਦੀ ਦੁਕਾਨ ’ਤੇ ਚਲਾ ਗਿਆ ਅਤੇ ਦੋਵੇਂ ਜਣੇ ਦੁਕਾਨਾਂ ਬੰਦ ਕਰਕੇ ਆਪੋ ਆਪਣੇ ਮੋਟਰਸਾਈਕਲ ਰਾਹੀਂ ਲਾਲੜੂ ਵੱਲ ਆ ਰਹੇ ਸੀ। ਜਦੋਂ ਉਹ ਪਿੰਡ ਬੱਲੋਪੁਰ ਨੇੜੇ ਪੁੱਜੇ ਤਾਂ ਇਕ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਆ ਰਹੇ ਕੰਟੇਨਰ ਨੇ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਅਤੇ ਉਹ ਸੜਕ ’ਤੇ ਡਿੱਗ ਪਿਆ ਅਤੇ ਦੂਜਾ ਕੰਟੇਨਰ ਉਸ ਦੇ ਭਰਾ ਦੇ ਉਪਰੋਂ ਦੀ ਲੰਘ ਗਿਆ, ਜਿਸ ਕਾਰਨ ਉਸ ਦਾ ਭਰਾ ਰਾਜੇਸ਼ ਕੁਮਾਰ ਸਾਹ ਬੁਰੀ ਤਰ੍ਹਾਂ ਦਰੜੇ ਜਾਣ ਕਾਰਨ ਹਲਾਕ ਹੋ ਗਿਆ। ਉਸ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਆਪਣੇ ਭਰਾ ਦੀ ਲਾਸ਼ ਦੇ ਟੁਕੜੇ ਪੱਲੀ ਵਿੱਚ ਇਕੱਠੇ ਕਰਕੇ ਸਿਵਲ ਹਸਪਤਾਲ ਡੇਰਾਬਸੀ ਦੇ ਲਾਸ਼ ਘਰ ਵਿੱਚ ਪਹੁੰਚਾਏ ਪਰ ਹਾਦਸਾ ਕਰਕੇ ਕੰਟੇਨਰ ਚਾਲਕ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਆਪਣੇ ਪਿੱਛੇ ਪਤਨੀ ਸਣੇ 17 ਸਾਲਾ ਲੜਕੀ ਤੇ 16 ਸਾਲਾ ਲੜਕਾ ਛੱਡ ਗਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਨਿਰਭੈ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜੇਸ਼ ਕੁਮਾਰ ਸਾਹ ਦੇ ਭਰਾ ਜਤਿੰਦਰ ਪ੍ਰਸਾਦ ਸਾਹ ਦੇ ਬਿਆਨ ’ਤੇ ਕਨਟੇਨਰ ਨੰਬਰ ਯੂ.ਪੀ-76-ਟੀ-0136 ਤੇ ਯੂ.ਪੀ-77-ਏਟੀ-3975 ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕੰਟੇਨਰ ਮੀਟ ਪਲਾਂਟ ਦਾ ਮਾਲ ਲੈ ਕੇ ਜਾ ਰਹੇ ਸਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਦਾ ਭਲਕੇ ਸਿਵਲ ਹਸਪਤਾਲ ਡੇਰਾਬਸੀ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ।
ਸੀਟੀਯੂ ਦੀ ਬੱਸ ਨੇ ਕਾਰ ਵਿੱਚ ਮਾਰੀ ਟੱਕਰ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ) ਸਿਟੀ ਬਿਊਟੀਫੁੱਲ ਵਿੱਚ ਸੀਟੀਯੂ ਦੀ ਬੱਸ ਨੇ ਕਾਰ ਵਿੱਚ ਟੱਕਰ ਮਾਰ ਦਿੱਤੀ ਹੈ। ਇਸ ਦੌਰਾਨ ਕਿਸੇ ਦੇ ਸਟਾ ਲੱਗਣ ਤੋਂ ਬਚਾਅ ਰਹਿ ਗਿਆ ਪਰ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਨੀਮਾਜਰਾ ਦੀ ਪੁਲੀਸ ਨੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਇਹ ਕੇਸ ਕੈਫੀ ਭਾਰਦਵਾਜ ਵਾਸੀ ਕਾਲਕਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦੀ ਕਾਰ ਮਨੀਮਾਜਰਾ ਵਿੱਚ ਬੱਸ ਅੱਡੇ ਦੇ ਨਜ਼ਦੀਕ ਖੜ੍ਹੀ ਸੀ। ਸੀਟੀਯੂ ਬੱਸ ਦੇ ਚਾਲਕ ਦੀ ਅਣਗਹਿਲੀ ਦੇ ਚੱਲਦਿਆਂ ਬੱਸ ਨੇ ਕਾਰ ਵਿੱਚ ਟੱਕਰ ਮਾਰ ਦਿੱਤੀ ਹੈ।