ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 12 ਅਗਸਤ
ਗਰਾਮ ਪੰਚਾਇਤ ਤੇ ਛਿੰਜ ਕਮੇਟੀ ਪਿੰਡ ਸੂੰਕ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਦੌਰਾਨ ਵੱਡੀ ਝੰਡੀ ਦੀ ਕੁਸ਼ਤੀ ਪਹਿਲਵਾਨ ਮੋਨੂੰ ਦਿੱਲੀ ਤੇ ਮਿਰਜ਼ਾ ਇਰਾਨ ਮੁੱਲਾਂਪੁਰ ਗਰੀਬਦਾਸ ਦਰਮਿਆਨ 20 ਮਿੰਟ ਗਹਿਗੱਚਵਾਂ ਮੁਕਾਬਲਾ ਹੋਇਆ ਪਰ ਕੋਈ ਨਤੀਜਾ ਨਾ ਨਿਕਲਣ ਕਰਕੇ ਪ੍ਰਬੰਧਕਾਂ ਵੱਲੋਂ ਬਰਾਬਰ ਜੇਤੂ ਕਰਾਰ ਦਿੱਤਾ ਗਿਆ। ਉਕਤ ਦੋਵਾਂ ਪਹਿਲਵਾਨਾਂ ਨੂੰ ਇੱਕ ਲੱਖ ਰੁਪਏ ਦੀ ਕੀਮਤ ਵਾਲੀ ਸੱਜਰੀ ਸੂਈ ਝੋਟੀ ਦਾ ਇਨਾਮ ਬਜ਼ੁਰਗ ਅਜਮੇਰ ਸਿੰਘ ਦੋਧੀ ਵੱਲੋਂ ਦਿੱਤਾ ਗਿਆ। ਇਸ ਮੌਕੇ ਸਰਪੰਚ ਬਾਲਕ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਮਨਜਿੰਦਰ ਸਿੰਘ ਸਾਬਕਾ ਪੰਚ, ਚਰਨਜੀਤ ਸਿੰਘ, ਜਸਵੀਰ ਸਿੰਘ ਪੰਚ, ਸਾਬਕਾ ਬਲਾਕ ਸਮਿਤੀ ਮੈਂਬਰ ਰਵਿੰਦਰ ਸਿੰਘ, ਹਰਜਿੰਦਰ ਸਿੰਘ ਜਿੰਦੂ, ਦੋਵਾਂ ਨੰਬਰਦਾਰਾਂ ਬੰਤ ਸਿੰਘ ਤੇ ਰਵਿੰਦਰ ਸਿੰਘ ਆਦਿ ਪਤਵੰਤਿਆਂ ਨੇ ਕੁਸ਼ਤੀਆਂ ਦਾ ਉਦਘਾਟਨ ਕੀਤਾ। ਨੌਜਵਾਨ ਸਭਾ ਵੱਲੋਂ ਕਰਵਾਈ ਇਕੱਤੀ ਹਜ਼ਾਰ ਰੁਪਏ ਇਨਾਮੀ ਦੋ ਨੰਬਰ ਦੀ ਝੰਡੀ ਵਾਲੀ ਕੁਸ਼ਤੀ ਵਿੱਚ ਪਹਿਲਵਾਨ ਛੋਟਾ ਜੱਸਾ ਬਾੜੋਵਾਲ ਨੇ ਮੁਨੀਸ਼ ਡੂਮਛੇੜੀ ਨੂੰ ਪੁਆਇੰਟਾਂ ਦੇ ਆਧਾਰ ਉਤੇ ਚਿੱਤ ਕੀਤਾ।