ਦਰਸ਼ਨ ਸਿੰਘ ਸੋਢੀ
ਮੁਹਾਲੀ, 3 ਨਵੰਬਰ
ਮੁਹਾਲੀ ਦੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨੇ ਲੰਘੀ ਰਾਤ ਵੱਖ-ਵੱਖ ਸਰਕਾਰੀ ਹਸਪਤਾਲਾਂ ਦੀ ਚੈਕਿੰਗ ਕੀਤੀ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਵਿਸ਼ੇਸ਼ ਤੌਰ ’ਤੇ ਐਮਰਜੰਸੀ ਬਲਾਕ ਅਤੇ ਜ਼ੱਚਾ-ਬੱਚਾ ਵਾਰਡਾਂ ਦਾ ਨਿਰੀਖਣ ਕੀਤਾ ਅਤੇ ਮਰੀਜ਼ਾਂ ਨਾਲ ਗੱਲ ਕੀਤੀ। ਅੱਜ ਇੱਥੇ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਿਲ੍ਹਾ ਪੱਧਰੀ ਹਸਪਤਾਲ ਮੁਹਾਲੀ, ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਅਤੇ ਖਰੜ, ਕਮਿਊਨਿਟੀ ਹੈਲਥ ਸੈਂਟਰ ਕੁਰਾਲੀ, ਬੂਥਗੜ੍ਹ, ਲਾਲੜੂ, ਢਕੌਲੀ ਅਤੇ ਬਨੂੜ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੇਰ ਰਾਤ 8 ਵਜੇ ਤੋਂ ਰਾਤ 11 ਵਜੇ ਤੱਕ ਚੱਲੀ। ਚੈਕਿੰਗ ਵਿੱਚ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨਿਧੀ ਕੌਸ਼ਲ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਰਨੀਤ ਗਰੇਵਾਲ ਅਤੇ ਵੱਖ-ਵੱਖ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਸ਼ਾਮਲ ਸਨ।