ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 13 ਸਤੰਬਰ
ਸ਼ਹਿਰੀ ਖੇਤਰ ਸਮੇਤ ਕਈ ਨੇੜਲੇ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਹੋਣ ਕਾਰਨ ਮੁਹਾਲੀ ਦਾ ਹੁਲੀਆ ਵਿਗੜ ਗਿਆ ਹੈ। ਬਲੌਂਗੀ ਤੋਂ ਮੁਹਾਲੀ ਵੱਲ ਆਉਂਦੀ ਸੜਕ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ। ਬਲੌਂਗੀ-ਮੁਹਾਲੀ ਦੀ ਸਾਂਝੀ ਹੱਦ ’ਤੇ ਬਣੇ ਪੁਲ ਦੀ ਹਾਲਤ ਖਸਤਾ ਹੈ। ਸਨਅਤੀ ਏਰੀਆ ਫੇਜ਼-7 ਤੋਂ ਮਿਲਕਫੈੱਡ ਤੱਕ ਆਉਂਦੀ ਸੜਕ, ਏਸੀ ਬੱਸ ਅੱਡੇ ਤੋਂ ਪੀਟੀਐੱਲ ਚੌਕ, ਸਨਅਤੀ ਏਰੀਆ ਫੇਜ਼-1 ਸਮੇਤ ਲਾਂਡਰਾਂ ਤੋਂ ਖਰੜ ਅਤੇ ਲਾਂਡਰਾਂ ਤੋਂ ਬਨੂੜ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਇਨ੍ਹਾਂ ਸੜਕਾਂ ਤੋਂ ਉੱਡਦੀ ਧੂੜ ਮਿੱਟੀ ਕਾਰਨ ਰਾਹਗੀਰ ਕਾਫ਼ੀ ਔਖੇ ਹਨ। ਇਹੀ ਨਹੀਂ ਮੁਹਾਲੀ ਨਗਰ ਅਧੀਨ ਆਉਂਦੀਆਂ ਕਈ ਸੜਕਾਂ ਦੀ ਹਾਲਤ ਵੀ ਕਾਫ਼ੀ ਮਾੜੀ ਹੈ। ਬਾਵਾ ਵਾਈਟ ਹਾਊਸ ਫੇਜ਼-11 ਤੋਂ ਸੈਕਟਰ-57 ਤੱਕ ਸੜਕ ’ਤੇ ਕਾਫ਼ੀ ਡੂੰਘੇ ਖੱਡੇ ਪਏ ਹੋਏ ਹਨ। ਇੰਜ ਹੀ ਦਾਰਾ ਸਟੂਡੀਓ ਨੇੜਿਓਂ ਜੁਝਾਰ ਨਗਰ ਤੱਕ ਪਹੁੰਚ ਸੜਕ ਦੀ ਹਾਲਤ ਵੀ ਕਾਫ਼ੀ ਖ਼ਰਾਬ ਹੈ। ਉਧਰ, ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਨਿੱਜੀ ਦਖ਼ਲ ਨਾਲ ਸੂਬਾ ਸਰਕਾਰ ਨੇ ਸ਼ਹਿਰੀ ਖੇਤਰ ਦੀਆਂ ਸੜਕਾਂ ਦੀ ਕਾਇਆ-ਕਲਪ ਕਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ 201.41 ਲੱਖ ਰੁਪਏ ਦੀ ਲਾਗਤ ਨਾਲ ਮੁਹਾਲੀ ਦੀਆਂ ਸੜਕਾਂ ਨੂੰ ਸੁੰਦਰ ਅਤੇ ਸਾਫ਼-ਸੁਥਰਾ ਬਣਾਇਆ ਜਾਵੇਗਾ। ਕੈਬਨਿਟ ਮੰਤਰੀ ਨਿੱਝਰ ਨੇ ਦੱਸਿਆ ਕਿ ਮੁਹਾਲੀ ਦੀਆਂ ‘ਏ’ ਅਤੇ ‘ਬੀ’ ਸੜਕਾਂ ਦੀ ਸਾਫ਼-ਸਫ਼ਾਈ ਕਰਨ ਲਈ ਜ਼ੋਨ-1 ਖੇਤਰ ਅਧੀਨ ਆਉਂਦੀਆਂ ਸੜਕਾਂ ਲਈ 46.24 ਲੱਖ ਰੁਪਏ, ਜ਼ੋਨ-2 ਖੇਤਰ ਦੀਆਂ ਸੜਕਾਂ ਲਈ 49.70 ਲੱਖ ਰੁਪਏ, ਇਸੇ ਤਰ੍ਹਾਂ ਜ਼ੋਨ-3 ਅਤੇ 4 ਖੇਤਰ ਅਧੀਨ ਆਉਂਦੀਆਂ ‘ਏ’ ਅਤੇ ‘ਬੀ’ ਸੜਕਾਂ ਲਈ 48.57 ਲੱਖ ਰੁਪਏ ਅਤੇ 42.80 ਲੱਖ ਰੁਪਏ ਖ਼ਰਚ ਕੀਤੇ ਜਾਣਗੇ।
ਪ੍ਰੀਮਿਕਸ ਦੀ ਉਡੀਕ ਵਿੱਚ ਉੱਖੜ ਰਹੇ ਨੇ ਪੇਂਡੂ ਸੜਕਾਂ ’ਤੇ ਪਾਏ ਪੱਥਰ
ਬਨੂੜ (ਕਰਮਜੀਤ ਸਿੰਘ ਚਿੱਲਾ): ਇਸ ਖੇਤਰ ਦੇ ਵੱਖ-ਵੱਖ ਪਿੰਡਾਂ ਦੀ ਸੰਪਰਕ ਸੜਕਾਂ ਉੱਤੇ ਚਾਰ-ਪੰਜ ਮਹੀਨੇ ਪਹਿਲਾਂ ਪਾਏ ਪੱਥਰ ਪ੍ਰੀਮਿਕਸ ਦੀ ਉਡੀਕ ਕਰ ਰਹੇ ਹਨ। ਸੜਕਾਂ ਉੱਤੇ ਪਾਏ ਪੱਥਰ ਉੱਖੜ ਚੁੱਕੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਦੇ ਹਨੇਰੇ ਵਿੱਚ ਦੋ ਪਹੀਆ ਵਾਹਨ ਚਾਲਕਾਂ ਦੇ ਹਾਦਸੇ ਵੀ ਹੋ ਰਹੇ ਹਨ। ਪਿੰਡ ਮਾਣਕਪੁਰ ਕੱਲਰ ਤੋਂ ਸਿਆਊ ਤੱਕ ਜਾਣ ਵਾਲੀ ਸੜਕ ਉੱਤੇ ਚਾਰ-ਪੰਜ ਮਹੀਨੇ ਪਹਿਲਾਂ ਪੱਥਰ ਵਿਛਾਏ ਗਏ ਸਨ ਪਰ ਹਾਲੇ ਤੱਕ ਲੁੱਕ ਨਹੀਂ ਪਾਈ ਗਈ। ਇਸੇ ਤਰ੍ਹਾਂ ਪਿੰਡ ਦੁਰਾਲੀ ਤੋਂ ਮਨੌਲੀ ਨੂੰ ਜਾਣ ਵਾਲੀ ਸੜਕ ਉੱਤੇ ਵਿਛਾਏ ਗਏ ਪੱਥਰ ਉੱਖੜ ਗਏ ਹਨ। ਦੁਰਾਲੀ ਤੋਂ ਸਨੇਟਾ ਸੜਕ ਵੀ ਪ੍ਰੀਮਿਕਸ ਦੀ ਉਡੀਕ ਕਰ ਰਹੀ ਹੈ। ਇੰਜ ਹੀ ਸ਼ਾਮਪੁਰ ਤੋਂ ਰਾਏਪੁਰ ਕਲਾਂ ਸੜਕ ਦੇ ਪੱਥਰ ਵੀ ਉੱਖੜ ਚੁੱਕੇ ਹਨ। ਪਿੰਡਾਂ ਦੀਆਂ ਪੰਚਾਇਤਾਂ ਨੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਮੁੱਚੀਆਂ ਸੜਕਾਂ ਦੇ ਪੱਥਰਾਂ ਉੱਤੇ ਤੁਰੰਤ ਪ੍ਰੀਮਿਕਸ ਪਾਈ ਜਾਵੇ ਤਾਂ ਕਿ ਰਾਹਗੀਰਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ।