ਦਰਸ਼ਨ ਸਿੰਘ ਸੋਢੀ
ਮੁਹਾਲੀ, 15 ਮਈ
ਪੰਜਾਬ ਪੁਲੀਸ ਦੇ ਖ਼ੁਫੀਆ ਵਿੰਗ ਦੇ ਮੁੱਖ ਦਫਤਰ ‘ਤੇ ਪਿਛਲੇ ਦਿਨੀਂ ਹੋਏ ਰਾਕੇਟ ਲਾਂਚਰ ਹਮਲੇ ਦਾ ਮਾਮਲਾ ਹਾਲੇ ਠੰਢਾ ਨਹੀਂ ਪਿਆ ਕਿ ਅੱਜ ਬਾਅਦ ਦੁਪਹਿਰ ਮੁਹਾਲੀ ਪੁਲੀਸ ਨੂੰ ਨਾਕੇ ‘ਤੇ ਚੈਕਿੰਗ ਦੌਰਾਨ ਭਾਰੀ ਮਾਤਰਾ ਵਿੱਚ ਅਸਲਾ ਮਿਲਣ ਕਾਰਨ ਭਾਜੜਾਂ ਪੈ ਗਈਆਂ। ਅਸਲੇ ਨਾਲ ਤਿੰਨ ਬੈਗ ਭਰੇ ਹੋਏ ਸਨ, ਜਿਨ੍ਹਾਂ ਵਿੱਚ ਏਕੇ-47 ਰਾਈਫਲਾਂ ਵੀ ਸ਼ਾਮਲ ਹਨ। ਬਾਅਦ ਵਿੱਚ ਵਾਹਨ ਅਤੇ ਅਸਲੇ ਵਾਲੇ ਬੈਗਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਗਿਆ। ਮਟੌਰ ਥਾਣਾ ਦੇ ਐੱਸਐੱਚਓ ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਵਿੱਚ ਨਾਕੇ ‘ਤੇ ਮਿਲਿਆ ਅਸਲਾ ਨਕਲੀ ਹੈ। ਵੈੱਬ ਸੀਰੀਅਲ ਦੀ ਸ਼ੂਟਿੰਗ ਲਈ ਇਹ ਨਕਲੀ ਹਥਿਆਰ ਲਿਜਾਏ ਜਾ ਰਹੇ ਸਨ। ਫਿਰ ਵੀ ਪੁਲੀਸ ਨੇ ਆਪਣੀ ਤਸੱਲੀ ਲਈ ਬਰਾਮਦ ਅਸਲੇ ਨੂੰ ਜਾਂਚ ਲਈ ਭੇਜਿਆ ਗਿਆ ਹੈ।