ਆਤਿਸ਼ ਗੁਪਤਾ
ਚੰਡੀਗੜ੍ਹ, 17 ਅਗਸਤ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਨਿੱਤ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਨੂੰ ਵੇਖਦਿਆਂ ਸ਼ਹਿਰ ਦੇ ਬਜ਼ੁਰਗਾਂ ਤੇ ਹੋਰ ਲੋਕਾਂ ਨੂੰ ਵਧੀਆਂ ਸਿਹਤ ਸੇਵਾਵਾਂ ਦੇਣ ਲਈ ਸੈਕਟਰ-16 ਦਾ ਸਰਕਾਰੀ ਹਸਪਤਾਲ ਜਲਦੀ ਹੀ ਮੋਬਾਈਲ ਟੈਸਟਿੰਗ ਵੈਨ ਸ਼ੁਰੂ ਕਰੇਗਾ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੋਵਿਡ-19 ਦੇ ਪ੍ਰਬੰਧਾਂ ਦੀ ਸਮੀਖਿਆ ਬੈਠਕ ਦੌਰਾਨ ਕੀਤਾ। ਪ੍ਰਸ਼ਾਸਕ ਨੇ ਕਿਹਾ ਕਿ ਸੈਕਟਰ-16 ਹਸਪਤਾਲ ਦੀ ਇਹ ਵੈਨ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਉਨ੍ਹਾਂ ਲੋਕਾਂ ਦੇ ਹਰ ਤਰ੍ਹਾਂ ਦੇ ਟੈਸਟ ਕਰੇਗੀ ਜੋ ਕਰੋਨਾਵਾਇਰਸ ਦੇ ਫੈਲਾਅ ਕਰਕੇ ਹਸਪਤਾਲ ਨਹੀਂ ਜਾ ਰਹੇ ਹਨ। ਜਿਨ੍ਹਾਂ ਦੀ ਟੈਸਟ ਉਪਰੰਤ ਰਿਪੋਰਟ ਤੁਰੰਤ ਦਿੱਤੀ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਨ੍ਹਾਂ ਮਾਮਲਿਆਂ ਦਾ ਜਲਦੀ ਪਤਾ ਲਗਾਇਆ ਜਾਵੇ, ਜੋ ਕਰੋਨਾ ਦੇ ਨਾਲ ਮਿਲਦੀ ਬਿਮਾਰੀਆਂ ਨਾਲ ਪੀੜਤ ਹਨ। ਅਜਿਹੇ ਵਿਅਕਤੀਆਂ ਦਾ ਪਹਿਲ ਦੇ ਆਧਾਰ ’ਤੇ ਇਲਾਜ ਕਰਕੇ ਉਨ੍ਹਾਂ ਦੀ ਜਾਨ ਨੂੰ ਯਕੀਨੀ ਸੁਰੱਖਿਅਤ ਕੀਤਾ ਜਾਵੇ। ਸ੍ਰੀ ਬਦਨੌਰ ਨੇ ਸ਼ਹਿਰ ਵਿੱਚ ਡਾਕਟਰੀ ਜਾਂਚ ਲਈ ਆਉਣ ਵਾਲੇ ਵਿਅਕਤੀਆਂ ਨੂੰ ਵਧੀਆ ਸਿਹਤ ਸਹੁਲਤਾਂ ਦੇਣ ਲਈ ਵਾਲੰਟੀਅਰਾਂ ਅਤੇ ਸਮਾਜ ਸੇਵਕਾਂ ਨੂੰ ਅੱਗੇ ਆਉਣ ਲਈ ਪ੍ਰੇਰਿਆ।
ਪੀਜੀਆਈ ਸਥਾਪਿਤ ਕਰੇਗਾ ‘ਪੋਸਟ-ਕੋਵਿਡ ਕੇਅਰ ਸੈਂਟਰ’
ਚੰਡੀਗੜ੍ਹ (ਪੱਤਰ ਪ੍ਰੇਰਕ) ਵਿਸ਼ਵ ਵਿਆਪੀ ਮਹਾਂਮਾਰੀ ਕਰੋਨਾ ਵਾਇਰਸ (ਕੋਵਿਡ-19) ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੀ ਦੇਖਭਾਲ਼ ਲਈ ਪੀਜੀਆਈ ਵੱਲੋਂ ਇੱਕ ‘ਪੋਸਟ-ਕੋਵਿਡ ਕੇਅਰ ਸੈਂਟਰ’ ਸਥਾਪਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੀਜੀਆਈ ਦੇ ਰੇਡੀਓ-ਡਾਇਗਨੋਸਿਸਟ ਤੇ ਇਮੇਜਿੰਗ ਵਿਭਾਗ ਦੇ ਪ੍ਰੋਫ਼ੈਸਰ ਡਾ. ਮਨਦੀਪ ਗਰਗ ਨੇ ਦੱਸਿਆ ਕਿ ਭਾਵੇਂ ਕਰੋਨਾਵਾਇਰਸ ਤੋਂ ਪੀੜਤ ਮਰੀਜ਼ ਠੀਕ ਹੋ-ਹੋ ਕੇ ਆਪਣੇ ਘਰ ਜਾ ਰਹੇ ਹਨ ਪਰ ਦੇਸ਼ ਭਰ ਵਿੱਚੋਂ ਮਿਲ ਰਹੀਆਂ ਰਿਪੋਰਟਾਂ ਤੋਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਠੀਕ ਹੋਣ ਉਪਰੰਤ ਵਧੇਰੇ ਮਰੀਜ਼ਾਂ ’ਚ ਥਕੇਵੇਂ ਤੋਂ ਲੈ ਕੇ ਸਾਹ ਲੈਣ ਵਿੱਚ ਦਿੱਕਤ, ਫੇਫੜਿਆਂ ਦੀ ਪ੍ਰੇਸ਼ਾਨੀ, ਖੂਨ ਦੇ ਕਲਾਊਟਸ ਬਣਨਾ ਤੇ ਸਟ੍ਰੋਕ ਤੱਕ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਜਿਨ੍ਹਾਂ ਨਾਲ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ।