ਪੱਤਰ ਪ੍ਰੇਰਕ
ਖਰੜ, 13 ਅਪਰੈਲ
ਖਰੜ ਹਲਕੇ ਦੀ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਹਲਕੇ ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਖੁਦ ਸਫਾਈ ਸੇਵਕਾਂ ਵਾਲੀ ਜੈਕਟ ਪਾ ਕੇ ਇਹ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ ਖਰੜ ਦੇ ਐੱਸਡੀਐੱਮ ਅਵਿਕੇਸ਼ ਗੁਪਤਾ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਾਜੇਸ਼ ਸ਼ਰਮਾ ਅਤੇ ਹੋਰ ਅਧਿਕਾਰੀ ਮੌਜੂਦ ਸਨ। ਬੀਬੀ ਮਾਨ ਨੇ ਕਿਹਾ ਕਿ ਸਫਾਈ ਮੁਹਿੰਮ ਹਲਕੇ ਵਿੱਚ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਫਾਈ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤੇ ਪਲਾਸਟਿਕ ਦੇ ਲਿਫਾਫਿਆਂ ਦਾ ਪ੍ਰਯੋਗ ਬਿਲਕੁੱਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਖਰੜ ਵਿੱਚ ਸੀਵਰੇਜ, ਪੀਣ ਵਾਲੇ ਪਾਣੀ ਤੇ ਡੰਪਿੰਗ ਗਰਾਊਂਡ ਦੀ ਸਮੱਸਿਆ ਹਨ, ਉਨ੍ਹਾਂ ਦਾ ਹੱਲ ਕੱਢਿਆ ਜਾ ਰਿਹਾ ਹੈ। ਇਸ ਮੌਕੇ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਕੌਰ, ਕੌਂਸਲਰ ਰਾਮ ਸਰੂਪ ਸ਼ਰਮਾ, ਸ਼ਿਵਾਨੀ ਚੱਢਾ ਤੇ ਕੌਂਸਲ ਦੇ ਅਧਿਕਾਰੀ ਹਰਪ੍ਰੀਤ ਸਿੰਘ ਭਿਓਰਾ ਵੀ ਮੌਜੂਦ ਸਨ
ਕੁਰਾਲੀ (ਪੱਤਰ ਪ੍ਰੇਰਕ): ਵਿਧਾਇਕ ਅਨਮੋਲ ਗਗਨ ਮਾਨ ਨੇ ਹਲਕਾ ਵਾਸੀਆਂ ਨੂੰ ਗੰਦਗੀ ਦੇ ਢੇਰਾਂ ਤੇ ਕੂੜੇ ਕਰਕਟ ਤੋਂ ਨਿਜਾਤ ਦਿਵਾਉਣ ਲਈ ਅੱਜ ‘ਸਾਫ ਸੁਥਰਾ ਹਲਕਾ’ ਮੁਹਿੰਮ ਦਾ ਆਗਾਜ਼ ਕੀਤਾ। ਬੀਬੀ ਮਾਨ ਨੇ ਕੁਰਾਲੀ ਸ਼ਹਿਰ ਤੇ ਬਲਾਕ ਮਾਜਰੀ ਦੇ ਕਈ ਹਿੱਸਿਆਂ ਦਾ ਪੈਦਲ ਦੌਰਾ ਕਰਦਿਆਂ ਖੁਦ ਕੂੜਾ ਚੁੱਕਿਆ ਤੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਕੂੜੇ ਕਰਕਟ ਦੇ ਸਹੀ ਨਿਪਟਾਰੇ ਲਈ ਢੁਕਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਜੈਯੰਤੀ ਮੌਕੇ ਹਲਕੇ ਵਿੱਚ ਸਾਫ ਸਫਾਈ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਹਲਕੇ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਕੂੜੇ ਕਰਕਟ ਦਾ ਨਿਪਟਾਰਾ ਅਤੇ ਸਾਫ ਸਫਾਈ ਦੀ ਬਹੁਤ ਵੱਡੀ ਸਮੱਸਿਆ ਹੈ। ਪਿਛਲੀਆਂ ਸਰਕਾਰਾਂ ਨੇ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਹ ਸਮੱਸਿਆ ਬਹੁਤ ਵੱਡੀ ਬਣ ਚੁੱਕੀ ਹੈ। ਉਨ੍ਹਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੰਗੀਤ ਕੁਮਾਰ ਨੂੰ ਮੌਕੇ ’ਤੇ ਹੀ ਹਦਾਇਤ ਕੀਤੀ ਕਿ ਕੂੜੇ ਕਰਕਟ ਦੇ ਨਬਿੇੜੇ ਅਤੇ ਸਫਾਈ ਦੇ ਮਾਮਲੇ ਵਿੱਚ ਢਿੱਲ ਨਾ ਵਰਤੀ ਜਾਵੇ।