ਹਰਜੀਤ ਸਿੰਘ
ਡੇਰਾਬੱਸੀ, 15 ਜਨਵਰੀ
ਵਿਧਾਇਕ ਐੱਨ.ਕੇ. ਸ਼ਰਮਾ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਮ੍ਰਿਤਕ ਵਿਅਕਤੀ ਦੀ ਜਾਅਲੀ ਵਸੀਅਤ ਬਣਾ ਕੇ ਉਸ ਦੀ ਇਕ ਕਨਾਲ ਜ਼ਮੀਨ ਆਪਣੇ ਨਾਂਅ ਕਰਵਾ ਕੇ ਅੱਗੇ ਵੇਚ ਦਿੱਤੀ। ਇਸ ਸਬੰਧੀ ਸ੍ਰੀ ਸ਼ਰਮਾ ਨੇ ਸਬੂਤਾਂ ਸਮੇਤ ਪ੍ਰੈਸ ਕਾਨਫਰੰਸ ਕਰਦਿਆਂ ਦੋਸ਼ ਲਾਇਆ ਕਿ ਇਸ ਸਬੰਧੀ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਮੌਜੂਦ ਹਨ। ਇਸ ਮੌਕੇ ਸ੍ਰੀ ਸ਼ਰਮਾ ਨਾਲ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਜ਼ੀਰਕਪੁਰ, ਬੀਬੀ ਸ਼ੀਲਮ ਸੋਹੀ, ਕ੍ਰਿਸ਼ਨਪਾਲ ਸ਼ਰਮਾ, ਐਡਵੋਕੇਟ ਮਨਪ੍ਰੀਤ ਭੱਟੀ ਸਣੇ ਹੋਰ ਅਕਾਲੀ ਆਗੂ ਹਾਜ਼ਰ ਸਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਮੁਬਾਰਕਪੁਰ ਵਿੱਚ ਦਿੱਲੀ ਵਸਨੀਕ ਦਿਲਬਾਗ ਰਾਏ ਗੁਲਾਟੀ ਦੀ ਕਰੋੜਾਂ ਰੁਪਏ ਕੀਮਤ ਦੀ ਕਨਾਲ ਜ਼ਮੀਨ ਪਈ ਹੈ ਜਿਸ ਦੀ 11 ਅਗਸਤ 1992 ਵਿੱਚ ਮੌਤ ਹੋ ਚੁੱਕੀ ਹੈ। 2006-07 ਤੱਕ ਇਸ ਜ਼ਮੀਨ ਦਾ ਮਾਲਕ ਦਿਲਬਾਗ ਰਾਏ ਸੀ ਪਰ ਸਾਲ 2012 ਵਿੱਚ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਇਸ ਦਾ ਮਾਲਕ ਰਣਜੀਤ ਸਿੰਘ ਰੈਡੀ ਬਣ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਸ੍ਰੀ ਰੈਡੀ ਨੇ 16 ਸਾਲ ਬਾਅਦ ਦਿਲਬਾਗ ਰਾਏ ਗੁਲਾਟੀ ਦੀ ਜਾਅਲੀ ਵਸੀਅਤ ਤਿਆਰ ਕਰਵਾ ਅਤੇ ਨਕਲੀ ਗਵਾਹ ਖੜ੍ਹੇ ਕਰਕੇ ਇਹ ਜ਼ਮੀਨ ਆਪਣੇ ਨਾਂ ਕਰਵਾ ਲਈ। ਇਸ ਜ਼ਮੀਨ ’ਤੇ ਖਲਿੰਦਾ ਰਾਮ ਵਾਸੀ ਮੁਬਾਰਕਪੁਰ ਦਾ ਕਬਜ਼ਾ ਸੀ ਜਿਸ ਤੋਂ ਧੱਕੇ ਨਾਲ ਜ਼ਮੀਨ ਖਾਲੀ ਕਰਵਾ ਲਈ ਗਈ ਅਤੇ ਉਸ ’ਤੇ ਪੁਲੀਸ ਦਾ ਦਬਾਅ ਪਾ ਕੇ ਗਿਰਦਵਾਰੀ ਵੀ ਆਪਣੇ ਨਾਂਅ ਕਰਵਾ ਲਈ। ਉਨ੍ਹਾਂ ਦੋਸ਼ ਲਾਇਆ ਇਸ ਮਾਮਲੇ ਵਿੱਚ ਭੁਪਿੰਦਰ ਸਿੰਘ ਪਟਵਾਰੀ ਵੀ ਸ਼ਾਮਲ ਜਿਸ ਨੇ ਬਿਨਾਂ ਮੌਤ ਦੇ ਪ੍ਰਮਾਣ ਪੱਤਰ ਤੋਂ ਇੰਤਕਾਲ ਚੜ੍ਹਾਇਆ ਹੈ। ਉਨ੍ਹਾਂ ਇਸ ਸਬੰਧੀ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ, ਭੁਪਿੰਦਰ ਸਿੰਘ ਪਟਵਾਰੀ, ਤਤਕਾਲ ਤਹਿਸੀਲਦਾਰ ਅਤੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ’ਤੇ ਪਰਚਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਬੇਬੁਨਿਆਦ ਨੇ ਦੋਸ਼: ਰੈਡੀ
ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਨੇ ਸਾਲ 2008 ਵਿੱਚ ਚਾਰ ਲੱਖ ਰੁਪਏ ਦੀ ਪੂਰੇ ਦਸਤਾਵੇਜ਼ ਦੇਖ ਕੇ ਦਿੱਲੀ ਵਸਨੀਕ ਵਿਅਕਤੀ ਤੋਂ ਖਰੀਦ ਕੀਤੀ ਸੀ। ਦਸਤਾਵੇਜ਼ਾਂ ਦੀ ਜਾਂਚ ਕਰ ਤਹਿਸੀਲਦਾਰ ਨੇ ਉਨ੍ਹਾਂ ਦੇ ਨਾਂਅ ਰਜਿਸਟਰੀ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਸ਼ਰਮਾ ਆਪਣੀ ਹਾਰ ਨੂੰ ਦੇਖ ਕੇ ਬੌਖਲਾ ਕੇ ਅਜਿਹੇ ਝੂਠੇ ਦੋਸ਼ ਲਾ ਰਹੇ ਹਨ।