ਸੰਜੀਵ ਬੱਬੀ
ਚਮਕੌਰ ਸਾਹਿਬ, 16 ਅਪਰੈਲ
ਉਪ ਮੰਡਲ ਅਫ਼ਸਰ (ਜਲ ਨਿਕਾਸ-ਕਮ-ਮਾਈਨਿੰਗ) ਰੂਪਨਗਰ ਨੇ ਬਲਾਕ ਨੰਬਰ-1 ਦੇ ਠੇਕੇਦਾਰ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਚਮਕੌਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਇੰਸਪੈਕਟਰਾਂ ਨੂੰ ਭੇਜੇ ਗਏ ਹੁਕਮਾਂ ਦੀਆਂ ਕਾਪੀਆਂ ਵਿੱਚ ਨਿਕਾਸ-ਕਮ-ਮਾਈਨਿੰਗ ਉਪ ਮੰਡਲ ਅਧਿਕਾਰੀ ਨੇ ਮੁੱਖ ਇੰਜਨੀਅਰ ਤੇ ਡਰੇਨੇਜ-ਕਮ-ਮਾਈਨਿੰਗ ਅਤੇ ਜਿਓਲੋਜੀ-1 ਜਲ ਸਰੋਤ ਵਿਭਾਗ ਪੰਜਾਬ, ਚੰਡੀਗੜ੍ਹ ਦੇ ਹਵਾਲੇ ਨਾਲ ਠੇਕੇਦਾਰ ਰਾਕੇਸ਼ ਕੁਮਾਰ ਚੌਧਰੀ ਨੂੰ ਮੁਅੱਤਲ ਕੀਤਾ ਹੈ ਅਤੇ ਠੇਕੇਦਾਰ ਨੂੰ ਅਲਾਟ ਕੀਤੀਆਂ ਗਈਆਂ ਖੱਡਾਂ ਤੋਂ ਹਰ ਤਰ੍ਹਾਂ ਦੀ ਨਿਕਾਸੀ ਤੁਰੰਤ ਬੰਦ ਕਰ ਦਿੱਤੀ ਗਈ ਹੈ। ਉਪ ਮੰਡਲ ਅਫਸਰ ਨੇ ਆਪਣੇ ਇਸ ਪੱਤਰ ਵਿੱਚ ਸਬੰਧਤ ਥਾਣੇਦਾਰਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਅਧਿਕਾਰਤ ਖੇਤਰ ਵਿੱਚ ਆਉਂਦੀਆਂ ਰੇਤ ਖੱਡਾਂ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਗਤੀਵਿਧੀ ਕੀਤੀ ਜਾਂਦੀ ਹੈ ਤਾਂ ਅਜਿਹਾ ਕਰਨ ਵਾਲੇ ਵਿਰੁੱਧ ਤੁਰੰਤ ਕਾਰਵਾਈ ਕਰਦਿਆਂ ਇਸ ਦਫਤਰ ਨੂੰ ਸੂਚਿਤ ਕੀਤਾ ਜਾਵੇ।
ਠੇਕੇਦਾਰ ਚੌਧਰੀ ਰਾਕੇਸ਼ ਕੁਮਾਰ ਨੂੰ ਮੁਅੱਤਲ ਕਰਨ ਅਤੇ ਉਸ ਨੂੰ ਅਲਾਟ ਕੀਤੀਆਂ ਖੱਡਾਂ ਤੋਂ ਨਿਕਾਸੀ ਬੰਦ ਕਰਨ ਸਬੰਧੀ ਪੱਤਰ ਐੱਸਡੀਐੱਮ ਚਮਕੌਰ ਸਾਹਿਬ ਤੇ ਰੂਪਨਗਰ ਸਮੇਤ ਡੀਐੱਸਪੀ ਰੂਪਨਗਰ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਵੀ ਸੂਚਨਾ ਤੇ ਅਗਲੇਰੀ ਕਾਰਵਾਈ ਹਿੱਤ ਭੇਜਿਆ ਗਿਆ ਹੈ।