ਜਗਮੋਹਨ ਸਿੰਘ
ਰੂਪਨਗਰ/ਘਨੌਲੀ, 31 ਮਈ
ਖਣਨ ਵਿਭਾਗ ਦੀ ਟੀਮ ਦੁਆਰਾ ਜ਼ਿਲ੍ਹੇ ਨਾਲ ਸਬੰਧਿਤ ਠੇਕੇਦਾਰ ਨੂੰ ਕੰਡੇ ਵਿੱਚ ਹੇਰਾਫੇਰੀ ਕਰ ਕੇ ਸਰਕਾਰ ਨੂੰ ਚੂਨਾ ਲਗਾਉਂਦਿਆਂ ਹੋਇਆਂ ਰੰਗੇ ਹੱਥੀਂ ਕਾਬੂ ਕਰ ਕੇ ਪੁਲੀਸ ਕੇਸ ਦਰਜ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਸ੍ਰੀ ਕੀਰਤਪੁਰ ਸਾਹਿਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਖਣਨ ਵਿਭਾਗ ਦੀ ਟੀਮ ਦੇ ਉੱਚ ਅਧਿਕਾਰੀਆਂ ਨੇ ਜਦੋਂ ਅਚਨਚੇਤ ਦੌਰਾ ਕਰ ਕੇ ਕੋਟਬਾਲਾ ਆਸਪੁਰ ਡੀ-ਸਿਲਟਿੰਗ ਸਾਈਟ ਦਾ ਦੌਰਾ ਕੀਤਾ ਤਾਂ ਉੱਥੇ ਲੱਗੇ ਕੰਡੇ ਦੀ ਜਾਂਚ ਕੀਤੀ। ਇਸ ਦੌਰਾਨ ਕੰਡੇ ’ਤੇ ਭਰੇ ਹੋਏ ਟਿੱਪਰ ਦਾ ਵਜ਼ਨ 22,245 ਕਿਲੋ ਆਇਆ ਤੇ ਜਦੋਂ ਉਸੇ ਟਿੱਪਰ ਨੂੰ ਸਰਸਾ ਨੰਗਲ ਨੇੜੇ ਲੱਗੇ ਕੰਡੇ ’ਤੇ ਤੋਲਿਆ ਗਿਆ ਤਾਂ ਵਜ਼ਨ 27,680 ਕਿਲੋ ਆਇਆ। ਉਨ੍ਹਾਂ ਦੱਸਿਆ ਕਿ ਖਣਨ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਵੱਲੋਂ ਠੇਕੇਦਾਰ ਰਾਕੇਸ਼ ਕੁਮਾਰ ਚੌਧਰੀ ਬਲਾਕ ਨੰਬਰ 01 ਰੂਪਨਗਰ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਠੇਕੇਦਾਰ ਰਾਕੇਸ਼ ਕੁਮਾਰ ਚੌਧਰੀ ਦੇ ਨੰਗਲ ਨੇੜੇ ਸਥਿਤ ਕਰੱਸ਼ਰ ’ਤੇ ਵੀ ਕੁੱਝ ਸਮਾਂ ਪਹਿਲਾਂ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ।