ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਨਵੰਬਰ
ਇੱਥੋਂ ਦੇ ਸੈਕਟਰ 32 ਏ ’ਚ ਸਥਿਤ ਆਈਟੀਬੀਪੀ ਦੇ ਕੁਆਰਟਰਾਂ ਵਿੱਚ ਰਹਿੰਦੇ ਡਿਪਟੀ ਕਮਾਂਡੈਂਟ ਦੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਡਿਪਟੀ ਕਮਾਂਡੈਂਟ ਅਨਿਲ ਕੁਮਾਰ ਝਾਅ ਨੇ ਪੁਲੀਸ ਨੂੰ ਸ਼ਿਕਾਇਤ ਕਰਦਿਆਂ ਦੱਸਿਆ ਕਿ ਉਹ ਦੀਵਾਲੀ ਤੋਂ ਬਾਅਦ ਆਪਣੇ ਜੱਦੀ ਪਿੰਡ ਗਿਆ ਹੋਇਆ ਸੀ। ਪਿੱਛੇ ਕਿਸੇ ਨੇ ਉਸ ਦੇ ਘਰ ਦੇ ਤਾਲੇ ਤੋੜ ਕੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਚੋਰਾਂ ਨੇ ਘਰ ਵਿੱਚ ਪਏ 30 ਤੋਲੇ ਸੋਨੇ ਦੇ ਗਹਿਣੇ, 2.230 ਕਿੱਲੋ ਚਾਂਦੀ ਦੇ ਗਹਿਣੇ ਅਤੇ 65 ਹਜ਼ਾਰ ਰੁਪਏ ਨਕਦੀ ’ਤੇ ਹੱਥ ਸਾਫ ਕਰ ਲਿਆ। ਥਾਣਾ ਸੈਕਟਰ 34 ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਮੁੱਢਲੀ ਜਾਂਚ ਵਿੱਚ ਆਈਟੀਬੀਪੀ ਕਾਲੋਨੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਇਸ ਦੇ ਨਾਲ ਹੀ ਆਲੇ-ਦੁਆਲੇ ਰਹਿੰਦੇ ਲੋਕਾਂ ਤੋਂ ਪੁੱਛਗਿਛ ਚੱਲ ਰਹੀ ਹੈ।
ਇਸੇ ਤਰ੍ਹਾਂ ਵੱਖਰੇ ਮਾਮਲੇ ਵਿੱਚ ਸੈਕਟਰ 9 ’ਚ ਜਿੰਮ ਦੇ ਮੂਹਰੇ ਤੋਂ ਸਾਈਕਲ ਚੋਰੀ ਹੋ ਗਿਆ। ਇਹ ਸਾਈਕਲ ਵਿਭੂ ਧਵਨ ਵਾਸੀ ਕੈਂਬਵਾਲਾ ਦਾ ਸੀ। ਜਿਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਥਾਣਾ ਸੈਕਟਰ 3 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।