ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਨਵੰਬਰ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਵੇਰਕਾ ਮਿਲਕ ਪਲਾਂਟ ਮੁਹਾਲੀ ਦਾ ਦੌਰਾ ਕਰਕੇ ਦੁੱਧ ਨਾਲ ਤਿਆਰ ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਵੇਰਕਾ ਪਲਾਂਟ ਦੇ ਕੰਮ-ਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਵੇਰਕਾ ਉਤਪਾਦਾਂ ਦੀ ਲਗਾਤਾਰ ਵਧਦੀ ਮੰਗ ਨੂੰ ਪੂਰਾ ਕਰਨ ਲਈ ਮਿਲਕਫੈੱਡ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਵੇਰਕਾ ਮਿਲਕ ਪਲਾਂਟ ਵਿੱਚ ਦੁੱਧ ਦੀ ਪ੍ਰੋਸੈਸਿੰਗ, ਦੇਸੀ ਘੀ ਅਤੇ ਪਨੀਰ ਦਾ ਉਤਪਾਦਨ ਖ਼ੁਦ ਦੇਖਿਆ ਅਤੇ ਗੁਣਵੱਤਾ ਦੇ ਮਿਆਰਾਂ ਉੱਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ ਵੀ ਮੌਜੂਦ ਸਨ। ਸ੍ਰੀ ਰੰਧਾਵਾ ਨੇ ਕਿਹਾ ਕਿ ਮਿਲਕਫੈੱਡ ਆਪਣੀ ਸ਼ੁੱਧਤਾ ਲਈ ਜਾਣਿਆ ਜਾਂਦਾ ਹੈ ਅਤੇ ਇਸੇ ਲਈ ਤਿਉਹਾਰਾਂ ਦੇ ਸੀਜ਼ਨ ਮੌਕੇ ਵੇਰਕਾ ਉਤਪਾਦਾਂ ਦੀ ਮੰਗ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀ ਇਸ ਮੰਗ ਨੂੰ ਪੂਰਾ ਕਰਨ ਲਈ ਮਿਲਕਫੈੱਡ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਉਪ ਮੁੱਖ ਮੰਤਰੀ ਨੇ ਵੇਰਕਾ ਮਿਲਕ ਪਲਾਂਟ ਦੇ ਸਟਾਫ਼ ਦੀ ਹੌਸਲਾ ਅਫ਼ਜ਼ਾਈ ਕੀਤੀ।