ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ,19 ਮਾਰਚ
ਯੂਟੀ ਦੇ ਲਗਪਗ ਸਾਰੇ ਸਰਕਾਰੀ ਸਕੂਲਾਂ ਵਿੱਚ ਹੁਣ ਨਵੀਆਂ ਮਿੱਡ-ਡੇਅ ਮੀਲ ਰਸੋਈਆਂ ਬਣਨਗੀਆਂ, ਜਿਸ ਲਈ ਲਈ ਪ੍ਰਿੰਸੀਪਲਾਂ ਨੂੰ ਆਪਣੇ ਸਕੂਲਾਂ ਵਿਚ ਰਸੋਈਆਂ ਤਿਆਰ ਕਰਨ ਬਾਰੇ ਵੇਰਵੇ ਸਿੱਖਿਆ ਵਿਭਾਗ ਨੂੰ ਭੇਜਣ ਲਈ ਆਖਿਆ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਟਕੋ ਤੇ ਹੋਟਲ ਮੈਨੇਜਮੈਂਟ ਅਦਾਰਿਆਂ ਕੋਲੋਂ ਮਿੱਡ-ਡੇਅ ਮੀਲ ਮੰਗਵਾਉਣਾ ਬੰਦ ਕੀਤਾ ਜਾਵੇਗਾ ਤੇ ਹਰ ਸਕੂਲ ਵਿਦਿਆਰਥੀਆਂ ਦੀ ਲੋੜ ਤੇ ਸੁਆਦ ਅਨੁਸਾਰ ਖਾਣਾ ਤਿਆਰ ਕਰਵਾਏਗਾ। ਇਹ ਫ਼ੈਸਲਾ ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਸਕੂਲ ਮੁਖੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ-18 ਵਿਚ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਕੇ ਮਿੱਡ-ਡੇਅ ਮੀਲ ਸ਼ੁਰੂ ਕਰਵਾਉਣ ਸਬੰਧੀ ਵੇਰਵੇ ਮੰਗੇ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ 116 ਸਰਕਾਰੀ ਸਕੂਲ ਹਨ, ਜਿਸ ਵਿਚ ਡੇਢ ਲੱਖ ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਗਿਣਤੀ ਚੰਡੀਗੜ੍ਹ ਵਿਚ 70 ਹਜ਼ਾਰ ਦੇ ਕਰੀਬ ਹੈ। ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿਟਕੋ ਦੇ ਸ਼ਿਵਾਲਿਕ ਵਿਊ, ਚੰਡੀਗੜ੍ਹ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਸੈਕਟਰ-42 ਤੇ ਅੰਬੇਦਕਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਸੈਕਟਰ-42 ਤੋਂ ਖਾਣਾ ਤਿਆਰ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੀਆਂ ਸੱਤ ਵੱਡੀਆ ਰਸੋਈਆਂ ਵੀ ਵਿਦਿਆਰਥੀਆਂ ਲਈ ਖਾਣਾ ਤਿਆਰ ਕਰਦੀਆਂ ਹਨ। ਸੂਤਰਾਂ ਅਨੁਸਾਰ ਵਿਭਾਗ ਦੀ ਬਾਹਰਲੀਆਂ ਕਿਚਨਾਂ ਤੋਂ ਭਾਰ ਘਟਾ ਕੇ ਆਪਣੇ ਸਕੂਲਾਂ ਉਤੇ ਜ਼ਿੰਮੇਵਾਰੀ ਪਾਉਣ ਦੀ ਯੋਜਨਾ ਹੈ।
ਸਰਕਾਰੀ ਸਕੂਲਾਂ ਵਿੱਚ ਅਗਲੇ ਸੈਸ਼ਨ ਤੋਂ ਮਿਲੇਗਾ ਮਿੱਡ-ਡੇਅ ਮੀਲ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਅਗਲੇ ਸੈਸ਼ਨ ਅਪਰੈਲ ਵਿਚ ਦੇਣਾ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਸਿੱਖਿਆ ਸਕੱਤਰ ਵੱਲੋਂ ਡਾਇਰੈਕਟਰ ਸਿਹਤ ਨਾਲ ਮੀਟਿੰਗ ਕਰਕੇ ਕਰੋਨਾ ਹਾਲਾਤ ਦਾ ਜਾਇਜ਼ਾ ਲਿਆ ਗਿਆ ਕਿਉਂਕਿ ਕਰੋਨਾ ਮਹਾਮਾਰੀ ਤੋਂ ਬਾਅਦ ਯੂਟੀ ਦੇ ਸਰਕਾਰੀ ਸਕੂਲਾਂ ਵਿਚ ਮਿੱਡ-ਡੇਅ ਮੀਲ ਬੰਦ ਹੋ ਗਿਆ ਸੀ।