ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 25 ਜੁਲਾਈ
ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਦਿਆਰਥੀ ਸਨਮਾਨ ਸਮਾਰੋਹ ਕਰਵਾਇਆ ਗਿਆ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਡਾ. ਕੰਚਨ ਸ਼ਰਮਾ ਨੇ ਦੱਸਿਆ ਕਿ ਸੈਸ਼ਨ 2021-22 ਤਹਿਤ ਅੱਠਵੀਂ, ਦਸਵੀਂ, ਬਾਰ੍ਹਵੀਂ ਦੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੀਖਿਆਵਾਂ ਵਿੱਚ ਜ਼ਿਲ੍ਹਾ ਮੁਹਾਲੀ ਵਿੱਚ ਅੱਵਲ ਆਏ ਵਿਦਿਆਰਥੀ, ਰਾਸ਼ਟਰੀ ਖੋਜ ਸਰਵੇਖਣ ਅਤੇ ਹੋਰਨਾਂ ਮੁਕਾਬਲਿਆਂ ਦੀ ਪ੍ਰੀਖਿਆ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਸਿੱਖਿਆ ਅਫ਼ਸਰ ਨੇ ਡੀਸੀ ਤੇ ਹੋਰਨਾ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ। ਇਸ ਮੌਕੇ ਏਡੀਸੀ (ਜਨਰਲ) ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ ਤਰਸੇਮ ਚੰਦ ਤੇ ਹੋਰ ਅਧਿਕਾਰੀ ਮੌਜੂਦ ਸਨ। ਡੀਐੱਮ ਜਸਵੀਰ ਕੌਰ ਨੇ ਸਮਾਰੋਹ ਨੂੰ ਨੇਪਰੇ ਚਾੜ੍ਹਨ ਵਿੱਚ ਅਹਿਮ ਯੋਗਦਾਨ ਪਾਇਆ। ਨਿਸ਼ਚੈ ਚੈਰੀਟੇਬਲ ਸੁਸਾਇਟੀ ਜ਼ੀਰਕਪੁਰ ਨੇ ਬੱਚਿਆਂ ਲਈ ਯਾਦਗਾਰੀ ਚਿੰਨ੍ਹ ਦਿੱਤੇ। ਇਸ ਦੌਰਾਨ ਵਿਦਿਆਰਥੀ ਜਸਲੀਨ, ਅਮਨਜੋਤ ਕੌਰ, ਦਿਲਪ੍ਰੀਤ ਕੌਰ, ਸਤਵੀਰ ਕੌਰ, ਜਸਮੀਨ ਕੌਰ, ਕੋਮਲਪ੍ਰੀਤ ਕੌਰ, ਦੀਕਸ਼ਾ ਗੁਪਤਾ, ਅੰਸ਼ਿਕਾ ਰਾਠੌਰ, ਨੇਹਾ ਰਾਠੌਰ, ਸਲੋਨੀ, ਰਿਤਿਕਾ, ਅਵਿਰਾਜ ਗੌਤਮ ਆਦਿ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਦਾ ਨਤੀਜਾ ਸ਼ਾਨਦਾਰ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ) :ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੀ ਸੀਬੀਐੱਸਈ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਪ੍ਰਿੰਸੀਪਲ ਅਨੁਰਾਧਾ ਧੀਮਾਨ ਨੇ ਦੱਸਿਆ ਕਿ ਕਾਮਰਸ ਵਿੱਚ ਬਲਜਿੰਦਰ ਕੌਰ ਨੇ 91.2 ਫੀਸਦੀ, ਰਿਸ਼ਭ ਨੇ 83.6 ਫੀਸਦੀ ਅਤੇ ਗੁਰਪਿੰਦਰ ਸਿੰਘ ਨੇ 83.4 ਫੀਸਦੀ ਅੰਕ ਹਾਸਲ ਕੀਤੇ। ਸਕੂਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ ਤੇ ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।