ਮੁਕੇਸ਼ ਕੁਮਾਰ
ਚੰਡੀਗੜ੍ਹ, 6 ਜਨਵਰੀ
ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਸ਼ਹਿਰ ਦੀਆਂ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ‘ਤੇ ਦੂਸ਼ਣਬਾਜੀ ਦਾ ਸਿਲਸਿਲਾ ਜਾਰੀ ਹੈ। ਹਾਲਾਂਕਿ ਚੰਡੀਗੜ੍ਹ ਦੇ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ 8 ਜਨਵਰੀ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਦੋ ਦਿਨ ਹੀ ਬਾਕੀ ਰਹਿ ਗਏ ਹਨ। ਪਰ ਇਨ੍ਹਾਂ ਚੋਣਾਂ ਨੂੰ ਲੈ ਕੇ ਸ਼ਹਿਰ ਦੀਆਂ ਤਿੰਨੇ ਪ੍ਰਮੁੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਕੌਂਸਲਰਾਂ ਦੀ ਖਰੀਦੋ ਫ਼ਰੋਖ਼ਤ ਨੂੰ ਲੈ ਕੇ ਇਕ ਦੂਜੇ ’ਤੇ ਦੋਸ਼ ਲਗਾਉਣ ਦਾ ਸਿਲਸਿਲਾ ਜਾਰੀ ਹੈ। ਜਿਥੇ ਲੰਘੇ ਦਿਨ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਇੱਕ ਬਿਆਨ ਜਾਰੀ ਕਰਕੇ ‘ਆਪ’ ਦੇ ਆਗੂਆਂ ਵਲੋਂ ਭਾਜਪਾ ਦੇ ਕੌਂਸਲਰਾਂ ਨੂੰ ਮੋਟੀ ਰਕਮ ਦੇ ਕੇ ਖਰੀਦਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਸਨ, ਉਥੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਹਿ ਇੰਚਾਰਜ ਪ੍ਰਦੀਪ ਛਾਬੜਾ ਨੇ ਭਾਜਪਾ ਉੱਤੇ ਪਲਟਵਾਰ ਕਰਦੇ ਹੋਏ ਕਿਹਾ ਕਿ ‘ਆਪ’ ਖਰੀਦ ਫ਼ਰੋਖ਼ਤ ਦੀ ਰਾਜਨੀਤੀ ਨਹੀਂ ਸਗੋਂ ਵਿਕਾਸ ਅਤੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਰਾਜਨੀਤੀ ਕਰਦੀ ਹੈ। ਉਨ੍ਹਾਂ ਕਿਹਾ ਕਿ ਖਰੀਦ ਫ਼ਰੋਖ਼ਤ ਦੀ ਰਾਜਨੀਤੀ ਕੌਣ ਕਰ ਰਿਹਾ ਹੈ, ਇਹ ਜੱਗ ਜਾਹਿਰ ਹੈ। ਛਾਬੜਾ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਲੋਂ 14 ਸੀਟਾਂ ਜਿੱਤ ਕੇ ਧਮਾਕੇਦਾਰ ਪ੍ਰਦਰਸ਼ਨ ਕਰਨਾ ਭਾਜਪਾ ਦੇ ਨੇਤਾਵਾਂ ਨੂੰ ਹਜ਼ਮ ਨਹੀਂ ਹੋ ਰਿਹਾ, ਇਸ ਲਈ ਉਹ ਇਸ ਤਰਾਂ ਦੀ ਘਟੀਆ ਬਿਆਨਬਾਜ਼ੀ ਕਰ ਰਹੇ ਹਨ। ਛਾਬੜਾ ਨੇ ਕਿਹਾ ਕਿ ਭਾਜਪਾ ਨੂੰ ਜੇਕਰ ਆਪਣੇ ਕੌਂਸਲਰਾਂ ਦੇ ਇੱਕਮੁੱਠ ਹੋਣ ‘ਤੇ ਇੰਨਾ ਹੀ ਵਿਸ਼ਵਾਸ ਸੀ ਤਾਂ ਉਨ੍ਹਾਂ ਨੂੰ ਰਾਤੋ ਰਾਤ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਕਿਉਂ ਭੇਜ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਭਾਜਪਾ ਨੇਤਾ ‘ਆਪ’ ਨੂੰ ਬਦਨਾਮ ਕਰਨ ਲਈ ਰਾਜਨੀਤਕ ਚਾਲਾਂ ਚੱਲਣਾ ਬੰਦ ਕਰੇ। ਇਸ ਦੇ ਨਾਲ ਹੀ ਛਾਬੜਾ ਨੇ ਕਾਂਗਰਸੀ ਕੌਂਸਲਰਾਂ ਵਲੋਂ ਮੇਅਰ ਚੋਣ ਦੀ ਨਾਮਜ਼ਦਗੀ ਪ੍ਰਕਿਰਿਆ ਤੋਂ ਆਪਣੇ ਆਪ ਨੂੰ ਬਾਹਰ ਰੱਖਣ ਦੇ ਫੈਸਲੇ ਨੂੰ ਜਨਤਾ ਨਾਲ ਧੋਖਾ ਕਰਾਰ ਦਿੱਤਾ ਹੈ।
ਉਧਰ ਚੰਡੀਗੜ੍ਹ ਕਾਂਗਰਸ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਕੌਂਸਲਰ ਹਰਪ੍ਰੀਤ ਕੌਰ ਬਬਲਾ ‘ਤੇ ਵਾਰਡ ਵਾਸੀਆਂ ਨਾਲ ਧ੍ਰੋਹ ਕਮਾਉਣ ਦਾ ਦੋਸ਼ ਲਗਾਇਆ ਹੈ।
ਅਕਾਲੀ ਕੌਂਸਲਰ ਹਰਦੀਪ ਬੁਟੇਰਲਾ ਵੱਲੋਂ ਸੁਖਬੀਰ ਬਾਦਲ ਨਾਲ ਮੁਲਾਕਾਤ
ਚੰਡੀਗੜ੍ਹ (ਪੱਤਰ ਪ੍ਰੇਰਕ): ਅਕਾਲੀ ਦਲ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਵਾਰਡ ਨੰਬਰ 30 ਤੋਂ ਕੌਂਸਲਰ ਬਣੇ ਹਰਦੀਪ ਸਿੰਘ ਬੁਟੇਰਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪਾਰਟੀ ਦਫ਼ਤਰ ਵਿੱਚ ਮੁਲਾਕਾਤ ਕੀਤੀ। ਸ੍ਰ. ਬੁਟੇਰਲਾ ਨੇ ਪਾਰਟੀ ਪ੍ਰਧਾਨ ਨੂੰ ਚੋਣਾਂ ਵਿੱਚ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਵਾਰਡਾਂ ਵਿੱਚ ਹੋਈ ਚੋਣ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ੍ਰ. ਬੁਟੇਰਲਾ ਨੇ ਦੱਸਿਆ ਕਿ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਵਿੱਚ ਵਿਰੋਧੀ ਪਾਰਟੀਆਂ ਇਸ ਕਦਰ ਡਰੀਆਂ ਹੋਈਆਂ ਸਨ ਕਿ ਦੂਸਰੇ ਰਾਜਾਂ ਦੇ ਮੁੱਖ ਮੰਤਰੀਆਂ ਤੱਕ ਨੇ ਆ ਕੇ ਚੋਣ ਪ੍ਰਚਾਰ ਕੀਤੇ। ਵਿਰੋਧੀ ਪਾਰਟੀਆਂ ਨੇ ਚੋਣਾਂ ਜਿੱਤਣ ਲਈ ਹਰ ਤਰ੍ਹਾਂ ਦੇ ਹਥਕੰਡੇ ਵੀ ਅਪਣਾਏ ਜਦਕਿ ਅਕਾਲੀ-ਬਸਪਾ ਗਠਜੋੜ ਨੇ ਬਿਲਕੁਲ ਇਮਾਨਦਾਰੀ ਅਤੇ ਸਾਦਗੀ ਨਾਲ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਚੰਡੀਗੜ੍ਹ ਵਿੱਚ ਅਕਾਲੀ-ਬਸਪਾ ਗਠਜੋੜ ਦੀ ਹਾਰ ਹੋਈ ਹੈ ਪ੍ਰੰਤੂ ਇਸ ਵਾਰ ਸਾਰੇ ਵਾਰਡਾਂ ਤੋਂ ਉਮੀਦਵਾਰ ਉਤਾਰ ਕੇ ਵਿਰੋਧੀ ਪਾਰਟੀਆਂ ਨੂੰ ਭਾਜੜ ਜ਼ਰੂਰ ਪਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਹਰੇਕ ਵਾਰਡ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਪਤਾ ਲਗਾਇਆ ਜਾਵੇਗਾ ਕਿ ਪਾਰਟੀ ਦਾ ਵੋਟ ਬੈਂਕ ਕਿੱਥੇ ਕਿੱਥੇ ਕਮਜ਼ੋਰ ਰਿਹਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਹਰਦੀਪ ਸਿੰਘ ਬੁਟੇਰਲਾ ਨੂੰ ਤੀਜੀ ਵਾਰ ਲਗਾਤਾਰ ਚੋਣ ਜਿੱਤਣ ਲਈ ਵਧਾਈ ਦਿੱਤੀ ਅਤੇ ਸਨਮਾਨਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ ਸਮੇਤ ਚਰਨਜੀਤ ਸਿੰਘ ਵਿੱਲੀ, ਮੁਲਾਜ਼ਮ ਆਗੂ ਬਾਜ ਸਿੰਘ ਖਹਿਰਾ ਅਤੇ ਇਸਤਰੀ ਅਕਾਲੀ ਦਲ ਪ੍ਰਧਾਨ ਸਤਵੰਤ ਕੌਰ ਜੌਹਲ ਵੀ ਮੌਜੂਦ ਸਨ।