ਮੁਕੇਸ਼ ਕੁਮਾਰ
ਚੰਡੀਗੜ੍ਹ, 4 ਜਨਵਰੀ
ਚੰਡੀਗੜ੍ਹ ਦੇ ਮੇਅਰ ਦੀਆਂ 8 ਜਨਵਰੀ ਨੂੰ ਹੋਰ ਵਾਲੀਆਂ ਚੋਣਾਂ ਲਈ ਅੱਜ ਭਾਜਪਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਹਨ। ਭਾਜਪਾ ਨੇ ਮੇਅਰ ਦੇ ਅਹੁਦੇ ਲਈ ਕੌਂਸਲਰ ਰਵੀ ਕਾਂਤ ਸ਼ਰਮਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਮਹੇਸ਼ਇੰਦਰ ਸਿੰਘ ਸਿੱਧੂ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਮਹਿਲਾ ਕੌਂਸਲਰ ਫਰਮਿਲਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਹਾਲਾਂਕਿ ਭਾਜਪਾ ਵੱਲੋਂ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਉਣ ਲਈ ਪਾਰਟੀ ਦੀ ਅੰਦਰੂਨੀ ਗੁੱਟਬਾਜ਼ੀ ਤੋਂ ਬਚਣ ਲਈ ਪੂਰੀ ਕੋਸ਼ਿਸ਼ ਕੀਤੀ ਗਈ ਸੀ ਪਰ ਅੱਜ ਇੱਥੇ ਨਗਰ ਨਿਗਮ ਦਫਤਰ ਵਿੱਚ ਮੇਅਰ ਦੇ ਕਮਰੇ ਵਿੱਚ ਜਿਵੇਂ ਹੀ ਭਾਜਪਾ ਦੇ ਚੰਡੀਗੜ੍ਹ ਇੰਚਾਰਜ ਦੁਸ਼ਯੰਤ ਗੌਤਮ ਨੇ ਰਵੀਕਾਂਤ ਸ਼ਰਮਾ ਦੇ ਨਾਮ ਦਾ ਐਲਾਨ ਕੀਤਾ ਤਾਂ ਭਾਜਪਾ ਦੀ ਮਹਿਲਾ ਕੌਂਸਲਰ ਚੰਦਰਵਤੀ ਸ਼ੁਕਲਾ ਤੇ ਭਾਰਤ ਕੁਮਾਰ ਨਰਾਜ਼ ਹੋ ਗਏ। ਚੰਦਰਵਤੀ ਸ਼ੁਕਲਾ ਨੇ ਆਪਣੀ ਪਾਰਟੀ ਖ਼ਿਲਾਫ਼ ਬਗਾਵਤ ਕਰਦਿਆਂ ਪਾਰਟੀ ਦੇ ਫੈਸਲੇ ਖ਼ਿਲਾਫ਼ ਮੇਅਰ ਦੇ ਅਹੁਦੇ ਦੀ ਉਮੀਦਵਾਰੀ ਦੇ ਤੌਰ ’ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ।
ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਨੇ ਮੇਅਰ ਦੇ ਅਹੁਦੇ ਲਈ ਆਪਣੇ ਕੌਂਸਲਰ ਦਵਿੰਦਰ ਸਿੰਘ ਬਬਲਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਮਹਿਲਾ ਕੌਂਸਲਰ ਰਵਿੰਦਰ ਕੌਰ ਗੁਜਰਾਲ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਕੌਂਸਲਰ ਸਤੀਸ਼ ਕੁਮਾਰ ਕੈਂਥ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਉਮੀਵਾਰਾਂ ਵੱਲੋਂ ਅੱਜ ਦੁਪਹਿਰ ਬਾਅਦ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਨਿਲ ਕੁਮਾਰ ਗਰਗ ਦੇ ਦਫਤਰ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ।
ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਆਪਣੇ ਉਮੀਦਵਾਰੀ ਦੇ ਕਾਗਜ਼ ਦਾਖਲ ਕੀਤੇ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਸਮੇਤ ਪਾਰਟੀ ਦੇ ਸੀਨੀਅਰ ਨੇਤਾ ਸੁਭਾਸ਼ ਚਾਵਲਾ, ਕੌਂਸਲਰ ਗੁਰਬਕਸ਼ ਕੌਰ ਰਾਵਤ ਤੇ ਹੋਰ ਪਾਰਟੀ ਸਮਰਥਕ ਹਾਜ਼ਰ ਸਨ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਬਾਅਦ ਪਾਰਟੀ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਸ਼ਹਿਰ ਵਾਸੀ ਭਾਜਪਾ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਵਿਕਾਸ ਕਾਰਜਾਂ ਦੇ ਆਧਾਰ ’ਤੇ ਵੋਟ ਦੇਣਗੇ। ਕਾਂਗਰਸ ਵੱਲੋਂ ਮੇਅਰ ਦੇ ਅਹੁਦੇ ਲਈ ਉਮੀਦਵਾਰ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਉਹ ‘ਗ੍ਰੀਨ ਸਿਟੀ ਤੇ ਕਲੀਨ ਸਿਟੀ’ ਨੂੰ ਲੈ ਕੇ ਮੇਅਰ ਦੀ ਚੋਣ ਲੜ ਰਹੇ ਹਨ। ਉਧਰ ਨਿਗਮ ਵਿੱਚ ਬਹੁਮਤ ਪ੍ਰਾਪਤ ਭਾਜਪਾ ਪ੍ਰਧਾਨ ਰੁੰਬ ਸੂਦ ਨੇ ਕਿਹਾ ਕਿ ਮੇਅਰ ਦੀ ਚੋਣ ਵਿੱਚ ਭਾਜਪਾ ਤਿੰਨੇ ਅਹੁਦਿਆਂ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।
ਦੂਜੇ ਪਾਸੇ ਭਾਜਪਾ ਦੀ ਅੰਦਰੂਨੀ ਫੁੱਟ ਦਾ ਸਿਆਸੀ ਲਾਹਾ ਲੈਣ ਲਈ ਨਗਰ ਨਿਗਮ ਵਿੱਚ 5 ਕੌਂਸਲਰਾਂ ਨਾਲ ਵਿਰੋਧੀ ਧਿਰ ਕਾਂਗਰਸ ਨੇ ਭਾਜਪਾ ਦੀ ਬਾਗੀ ਹੋਈ ਮੇਅਰ ਦੇ ਅਹੁਦੇ ਦੀ ਉਮੀਦਵਾਰ ਕੌਂਸਲਰ ਚੰਦਰਵਤੀ ਸ਼ੁਕਲਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਚੰਦਰਵਤੀ ਸ਼ੁਕਲਾ ਵਲੋਂ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਨ ਤੋਂ ਬਾਅਦ ਕਿਹਾ ਕਿ ਕਾਂਗਰਸ ਵੱਲੋਂ ਮੇਅਰ ਦੇ ਅਹੁਦੇ ਲਈ ਉਮੀਦਵਾਰ ਦਵਿੰਦਰ ਸਿੰਘ ਬਬਲਾ ਭਾਜਪਾ ਕੌਂਸਲਰ ਚੰਦਰਵਤੀ ਸ਼ੁਕਲਾ ਦੇ ਸਮਰਥਨ ਵਿੱਚ ਆਪਣਾ ਨਾਮਜ਼ਦਗੀ ਕਾਗਜ਼ ਵਾਪਿਸ ਲੈ ਸਕਦੇ ਹਨ।