ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਜੂਨ
ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ ਦੇ ਇਕ ਕਿਸਾਨ ਪਰਿਵਾਰ ਨੇ ਲੈਂਡ-ਚੈਸਟਰ ਕੰਪਨੀ ਦੇ ਮਾਲਕ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ’ਤੇ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਬਰਦਸਤੀ ਉਨ੍ਹਾਂ ਦੀ ਜ਼ਮੀਨ ਦੱਬਣ ਦਾ ਦੋਸ਼ ਲਾਇਆ ਹੈ। ਮੁਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਵਿੰਦਰ ਸਿੰਘ ਵਾਸੀ ਪਿੰਡ ਬਾਕਰਪੁਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਿੱਜੀ ਦਖ਼ਲ ਦੇਣ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਸ਼ੁਰੂ ਕੀਤਾ ਜਾਵੇਗਾ।
ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਪਿੰਡ ਮਾਣਕਪੁਰ ਕੱਲਰ ਵਿੱਚ ਕਰੀਬ ਸਾਢੇ 6 ਏਕੜ ਵਾਹੀਯੋਗ ਜ਼ਮੀਨ ਹਰਬਾਜ ਸਿੰਘ ਤੋਂ ਤਿੰਨ ਮਹੀਨੇ ਪਹਿਲਾਂ ਖਰੀਦੀ ਸੀ। ਜ਼ਮੀਨ ਦਾ ਇੰਤਕਾਲ ਵੀ ਉਨ੍ਹਾਂ ਦੇ ਨਾਮ ਹੋ ਚੁੱਕਾ ਹੈ ਅਤੇ ਇਸ ਜ਼ਮੀਨ ’ਤੇ ਉਹ ਕਬਜ਼ ਹਨ ਪਰ ਮੇਅਰ ਕਥਿਤ ਤੌਰ ’ਤੇ ਉਨ੍ਹਾਂ ਦੀ ਜ਼ਮੀਨ ਹਥਿਆਉਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ 30 ਮਈ ਨੂੰ ਉਸ ਦਾ ਬੇਟਾ ਗੁਰਵਿੰਦਰ ਸਿੰਘ ਜ਼ਮੀਨ ਵਾਹ ਰਿਹਾ ਸੀ ਤਾਂ ਉੱਥੇ ਕੁਝ ਵਿਅਕਤੀ ਆਏ, ਜਿਨ੍ਹਾਂ ਨੇ ਖ਼ੁਦ ਨੂੰ ਲੈਂਡ ਚੈਸਟਰ ਕੰਪਨੀ ਦੇ ਮੁਲਾਜ਼ਮ ਦੱਸਦਿਆਂ ਪੀੜਤ ਕਿਸਾਨ ਦੇ ਪੁੱਤਰ ਦੇ ਕੰਨ ਨੂੰ ਫੋਨ ਲਗਾ ਕੇ ਕਿਹਾ ਕਿ ਜੀਤੀ ਸਿੱਧੂ ਨਾਲ ਗੱਲ ਕਰੋ। ਫੋਨ ’ਤੇ ਗੱਲ ਕਰਨ ਵਾਲੇ ਨੇ ਆਪਣੀ ਪਛਾਣ ਜੀਤੀ ਸਿੱਧੂ ਵਜੋਂ ਕਰਵਾਉਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਜ਼ਮੀਨ ਨਾ ਛੱਡੀ ਤਾਂ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ 7.30 ਵਜੇ ਵਿਅਕਤੀਆਂ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਵੱਟ ਵਾਹ ਦਿੱਤੀ।
ਜੀਤੀ ਸਿੱਧੂ ਨੇ ਦੋਸ਼ ਨਕਾਰੇ
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਕਿਸੇ ਬੰਦੇ ਨੇ ਅਜਿਹਾ ਕੋਈ ਵੀ ਧੱਕਾ ਨਹੀਂ ਕੀਤਾ ਸਗੋਂ ਇਹ ਵਿਅਕਤੀ ਖ਼ੁਦ ਉਨ੍ਹਾਂ ਨਾਲ ਧੱਕਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮੁਹਾਲੀ ਦੇ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜ਼ਮੀਨ ਦੱਬਣ ਦੇ ਸਾਰੇ ਦੋਸ਼ ਬੇਬੁਨਿਆਦ ਅਤੇ ਮਨਘੜਤ ਹਨ। ਅਜਿਹਾ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਆਪਣਾ ਕਾਰੋਬਾਰ ਸਰਕਾਰੀ ਨੇਮਾਂ ਮੁਤਾਬਕ ਹੀ ਕਰਦੇ ਹਨ।