ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਅਕਤੂਬਰ
ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਚੰਡੀਗੜ੍ਹ/ਪੀਐਸਐਮਐਸਯੂ ਦੇ ਸੱਦੇ ’ਤੇ ਅੱਜ ਦੂਜੇ ਦਿਨ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀਆਂ ਨੇ ਮੁਕੰਮਲ ਹੜਤਾਲ ਕੀਤੀ। ਬੋਰਡ ਦੇ ਜ਼ਿਲ੍ਹਾ ਪੱਧਰੀ ਖੇਤਰੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਵੀ ਕਲਮਛੋੜ ਹੜਤਾਲ ਜਾਰੀ ਰੱਖੀ ਗਈ ਜਦੋਂਕਿ ਆਦਰਸ਼ ਸਕੂਲਾਂ ਦੇ ਸਮੂਹ ਮੁਲਾਜ਼ਮਾਂ ਨੇ ਵੀ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਸਰਕਾਰ ਵਿਰੁੱਧ ਰੋਸ ਮਾਰਚ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਡੀਪੀਆਈ ਦਫ਼ਤਰ ਦੇ ਮੁਲਾਜ਼ਮਾਂ ਨੇ ਵੀ ਰੋਸ ਮਾਰਚ ਵਿੱਚ ਹਿੱਸਾ ਲਿਆ।
ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਕਿਹਾ ਕੰਟਰੈਕਟ ਆਧਾਰ ਅਤੇ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਦੀ ਬਹਾਲੀ, ਪਿਛਲੇ ਸਮੇਂ ਵਿੱਚ ਸਰਕਾਰ ਵੱਲੋਂ ਰੀਸਟਰਕਚਰਿੰਗ ਦੇ ਨਾਂ ’ਤੇ ਖ਼ਤਮ ਕੀਤੀਆਂ ਅਸਾਮੀਆਂ ਬਹਾਲ ਕਰਵਾਉਣ ਸਮੇਤ ਹੋਰ ਅਹਿਮ ਮੰਗਾਂ ਮੰਨਣ ਤੋਂ ਸਰਕਾਰ ਆਨਾਕਾਨੀ ਕਰਦੀ ਆ ਰਹੀ ਹੈ। ਆਉਂਦੇ ਦਿਨਾਂ ਵਿੱਚ ਮੁਲਾਜ਼ਮ ਮੰਗਾਂ ਲਈ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ।
ਇਸ ਮੌਕੇ ਮੁਲਾਜ਼ਮ ਆਗੂ ਓਂਕਾਰ ਸਿੰਘ, ਪ੍ਰਭਜੀਤ ਸਿੰਘ, ਹਰਮਨਦੀਪ ਸਿੰਘ ਬੋਪਾਰਾਏ, ਗੁਰਚਰਨ ਸਿੰਘ ਤਰਮਾਲਾ, ਸਤਨਾਮ ਸਿੰਘ ਸੱਤਾ ਤੇ ਅਜੈਬ ਸਿੰਘ ਸਮੇਤ ਯੂਨੀਅਨ ਦੇ ਹੋਰ ਆਗੂ ਹਾਜ਼ਰ ਸਨ।
ਸਬੰਧਤ ਫੋਟੋ ਮੁਹਾਲੀ-3, ਪੰਜਾਬ ਸਰਕਾਰ ਵਿਰੁੱਧ ਰੋਸ ਮਾਰਚ ਕਰਦੇ ਹੋਏ ਸਿੱਖਿਆ ਬੋਰਡ ਦੇ ਕਰਮਚਾਰੀ। -ਫੋਟੋ: ਸੋਢੀ