ਕੁਲਦੀਪ ਸਿੰਘ
ਚੰਡੀਗੜ੍ਹ, 23 ਨਵੰਬਰ
ਸੀਟੀਯੂ ਵਰਕਰਜ਼ ਯੂਨੀਅਨ ਦੇ ਝੰਡੇ ਹੇਠ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਥੇ ਇੰਡਸਟਰੀਅਲ ਏਰੀਆ ਸਥਿਤ ਡਾਇਰੈਕਟਰ ਦਫ਼ਤਰ ਅੱਗੇ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਯੂਟੀ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਆਗੂਆਂ ਨੇ ਅਦਾਰੇ ਵਿੱਚ ਕਿਲੋਮੀਟਰ ਸਕੀਮ ਤਹਿਤ ਕੀਤੇ ਜਾ ਰਹੇ ਟੈਂਡਰ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ। ਯੂਨੀਅਨ ਪ੍ਰਧਾਨ ਧਰਮਿੰਦਰ ਸਿੰਘ ਰਾਹੀ ਅਤੇ ਜਨਰਲ ਸਕੱਤਰ ਸਤਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਰੋਸ ਰੈਲੀ ਵਿੱਚ ਚੰਡੀਗੜ੍ਹ ਦੇ ਸੰਯੁਕਤ ਕਰਮਚਾਰੀ ਮੋਰਚਾ, ਆਲ ਕਰਮਚਾਰੀ ਸੰਘ (ਏਟਕ) ਅਤੇ ਇੰਟਕ ਨੇ ਯੂਨੀਅਨ ਵੱਲੋਂ ਕਿਲੋਮੀਟਰ ਸਕੀਮ ਖ਼ਿਲਾਫ਼ ਵਿੱਢੀ ਗਈ ਮੁਹਿੰਮ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ। ਮੁਲਾਜ਼ਮ ਆਗੂਆਂ ਵਿੱਚ ਧਰਮਿੰਦਰ ਸਿੰਘ ਰਾਹੀ, ਸਤਿੰਦਰ ਸਿੰਘ, ਰਣਜੀਤ ਸਿੰਘ ਹੰਸ, ਭੁਪਿੰਦਰ ਸਿੰਘ, ਚਰਨਜੀਤ ਸਿੰਘ ਢੀਂਡਸਾ, ਤੇਜਵੀਰ ਸਿੰਘ ਨੇ ਕਿਹਾ ਕਿ ਯੂਨੀਅਨ ਦਾ ਯੂਟੀ ਪ੍ਰਸ਼ਾਸਨ ਨਾਲ ਸਾਲ 2016 ਵਿੱਚ ਸਮਝੌਤਾ ਹੋਇਆ ਸੀ ਅਤੇ 120 ਐਚ.ਵੀ.ਏ.ਸੀ. ਅਤੇ 40 ਸਧਾਰਨ ਬੱਸਾਂ ਖਰੀਦਣ ਲਈ ਮਨਜ਼ੂਰੀ ਮਿਲੀ ਸੀ। ਇਹ ਬੱਸਾਂ ਸੀ.ਟੀ.ਯੂ. ਨੇ ਆਪਣੇ ਬਜਟ ਵਿੱਚੋਂ ਖਰੀਦਣੀਆਂ ਸਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਅਫ਼ਸਰਾਂ ਦੇ ਸਿਰ ’ਤੇ ਇਸ ਦਾ ਨਿੱਜੀਕਰਨ ਵਾਸਤੇ ਭੂਤ ਸਵਾਰ ਹੈ ਅਤੇ ਇਸੇ ਕੜੀ ਵਿੱਚ ਅਦਾਰੇ ਦੇ 2 ਡਿੱਪੂ ਪਹਿਲਾਂ ਹੀ ਸੋਸਾਇਟੀ ਅਧੀਨ ਕਰ ਦਿੱਤੇ ਗਏ ਹਨ ਅਤੇ ਹੁਣ ਲੰਬੇ ਰੂਟ ਦੇ ਡਿੱਪੂ ਨੰਬਰ 1 ਨੂੰ ਕਿਲੋਮੀਟਰ ਸਕੀਮ ਅਧੀਨ ਲਿਆ ਕੇ ਵਿਭਾਗ ਨੂੰ ਪੂਰਨ ਤੌਰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਨੂੰ ਵਿਭਾਗ ਵਿੱਚ ਸ਼ਾਮਲ ਕਰਨ ਦਾ ਟੈਂਡਰ ਰੱਦ ਨਾ ਕੀਤਾ ਗਿਆ ਤਾਂ ਚੰਡੀਗੜ੍ਹ ਸ਼ਹਿਰ ਨੂੰ ਸੀਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਬੱਸਾਂ ਸਿੱਧੀਆਂ ਮਹਿਕਮੇ ਦੇ ਅੰਦਰ ਹੀ ਮੰਗਵਾਈਆਂ ਜਾਣ, 417 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ ਅਤੇ ਵਰਕਸ਼ਾਪ ਦੀ ਭਰਤੀ ਜਲਦ ਕੀਤੀ ਜਾਵੇ। ਰੈਲੀ ਵਿੱਚ ਰਣਵੀਰ ਸਿੰਘ, ਸੰਯੁਕਤ ਕਰਮਚਾਰੀ ਮੋਰਚੇ ਤੋਂ ਰਘਵੀਰ ਚੰਦ, ਗੋਪਾਲ ਦੱਤ ਜੋਸ਼ੀ, ਰਜਿੰਦਰ ਕਟੋਚ, ਬਿਪਿਨ ਸ਼ੇਰ ਸਿੰਘ, ਅਸ਼ੋਕ ਕੁਮਾਰ, ਹਾਊਸਿੰਗ ਬੋਰਡ ਤੋਂ ਸ਼ਮਸ਼ੇਰ ਸਿੰਘ, ਜਤਿੰਦਰ ਪਾਲ ਅਤੇ ਬਿਜਲੀ ਬੋਰਡ ਤੋਂ ਧਿਆਨ ਸਿੰਘ ਨੇ ਵੀ ਸ਼ਿਰਕਤ ਕੀਤੀ।