ਰਾਮ ਸ਼ਰਨ ਸੂਦ/ਡਾ. ਹਿਮਾਂਸ਼ੂ ਸੂਦ
ਅਮਲੋਹ/ਮੰਡੀ ਗੋਬਿੰਦਗੜ੍ਹ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਕੇਂਦਰ ਸਰਕਾਰ ਵੱਲੋਂ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਅਤੇ ਹੋਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਚਲਾਈ ਜਾ ਰਹੀ ਮੁਹਿੰਮ ਦੀ ਕੜੀ ਵਜੋਂ ਅਮਲੋਹ ਦੇ ਵਾਰਡ ਨੰਬਰ 5 ਸਥਿਤ ਆਪਣੇ ਘਰ ਪਰਤੀ ਸ਼ਹਿਰ ਦੀ ਜੰਮਪਲ ਸ਼ਰੁਤੀ ਲੁਟਾਵਾ ਦਾ ਉਸ ਦੇ ਪਿਤਾ ਅਤੁਲ ਲੁਟਾਵਾ, ਮਾਤਾ ਮੋਨਾ ਲੁਟਾਵਾ, ਭੈਣ ਸ਼ਵੈਤਾ ਲੁਟਾਵਾ, ਭਾਈ ਰਾਘਵ ਲੁਟਾਵਾ ਤੇ ਦਾਦੀ ਰਵਿੰਦਰਾ ਰਾਣੀ ਸਣੇ ਹੋਰ ਰਿਸ਼ਤੇਦਾਰਾਂ ਨੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਸ਼ਰੁਤੀ ਦੇ ਘਰ ਵਿਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ।
ਆਪਣੀ ਧੀ ਦੇ ਪਰਤਣ ’ਤੇ ਜਿੱਥੇ ਮਾਪੇ ਅਤੇ ਸਕੇ-ਸਬੰਧੀ ਖੁਸ਼ ਸਨ ਉੱਥੇ ਹੀ ਆਪਣੇ ਪਿਤਾ ਅਤੁਲ ਲੁਟਾਵਾ ਅਤੇ ਹੋਰ ਪਰਿਵਾਰਕ ਮੈਬਰਾਂ ਨੂੰ ਮਿਲ ਕੇ ਸ਼ਰੂਤੀ ਵੀ ਭਾਵੁਕ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਭਾਰਤੀ ਦੂਤਾਵਾਸ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਸ਼ਰੁਤੀ ਲੁਟਾਵਾ ਨੇ ਦੱਸਿਆ ਕਿ ਉਹ ਕਰੀਬ ਤਿੰਨ ਸਾਲ ਪਹਿਲਾਂ ਐੱਮਬੀਬੀਐੱਸ ਕਰਨ ਲਈ ਯੂਕਰੇਨ ਗਈ ਸੀ ਅਤੇ ਉਸ ਦੀ ਤਿੰਨ ਸਾਲ ਦੀ ਪੜ੍ਹਾਈ ਅਜੇ ਬਾਕੀ ਹੈ। ਉਸ ਨੇ ਉੱਥੇ ਦੇ ਮਾਹੌਲ ਨੂੰ ਬਹੁਤ ਹੀ ਚਿੰਤਾਜਨਕ ਕਰਾਰ ਦਿੰਦਿਆਂ ਕਿਹਾ ਕਿ ਠੰਢ ਅਤੇ ਭੁੱਖ ਕਾਰਨ ਉਨ੍ਹਾਂ ਦੀ ਹਾਲਤ ਤਰਸਯੋਗ ਬਣੀ ਹੋਈ ਸੀ ਅਤੇ ਘਰ ਵਾਪਸ ਪਹੁੰਚਣ ’ਤੇ ਇਕ ਤਰ੍ਹਾਂ ਉਸ ਦਾ ਮੁੜ ਤੋਂ ਜਨਮ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਆਪ ਖਤਰਾ ਚੁੱਕ ਕੇ ਬਾਹਰ ਖਾਣਾ ਖਾਣ ਲਈ ਜਾਂਦੇ ਸਨ ਪਰ ਵਾਪਸੀ ਦੌਰਾਨ ਹੰਗਰੀ ਪਹੁੰਚਣ ’ਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਜਹਾਜ਼ ਵਿਚ ਹੀ ਕੀਤਾ ਹੋਇਆ ਸੀ। ਉਸ ਨੇ ਦੱਸਿਆ ਕਿ ਕਈ ਏਜੰਟ ਵੀ ਭਾਰਤ ਵਾਪਸ ਆ ਗਏ ਹਨ ਜਦੋਂਕਿ ਯੂਕਰੇਨ ਦੇ ਸੁੰਨੀ ਸ਼ਹਿਰ ਵਿਚ ਅਜੇ ਵੀ ਬਹੁਤ ਵਿਦਿਆਰਥੀ ਫਸੇ ਹੋਏ ਹਨ। ਉਸ ਨੇ ਦੱਸਿਆ ਉਸ ਦੇ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੀ ਇੱਕ ਵਿਦਿਆਰਥਣ ਵੀ ਪੰਜਾਬ ਪੁੱਜੀ ਹੈ। ਅਮਲੋਹ ਸਬ ਡਿਵੀਜਨ ਦੇ ਪਿੰਡ ਭਾਂਬਰੀ ਦੇ ਤਿੰਨ ਵਿਦਿਆਰਥੀ ਵੀ ਯੂਕਰੇਨ ਵਿਚ ਗਏ ਹੋਏ ਹਨ ਜਿਨ੍ਹਾਂ ਵਿਚ ਜਸ਼ਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਅਜੀਤ ਸਿੰਘ ਸ਼ਾਮਲ ਹਨ। ਇਹ ਵਿਦਿਆਰਥੀ ਕਰੀਬ ਸੱਤ ਮਹੀਨੇ ਪਹਿਲਾਂ ਹੀ ਪੜ੍ਹਾਈ ਕਰਨ ਯੂਕਰੇਨ ਗਏ ਸਨ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਜ਼ਿਲ੍ਹੇ ਦੇ ਰਾਏਪੁਰ ਰਾਣੀ ਬਲਾਕ ਦੇ ਪੰਜ ਪਾੜ੍ਹੇ ਯੂਕਰੇਨ ਤੋਂ ਵਤਨ ਪਰਤੇ ਹਨ। ਇਨ੍ਹਾਂ ਪਾੜ੍ਹਿਆਂ ਦੀ ਘਰ ਵਾਪਸੀ ’ਤੇ ਉਨ੍ਹਾਂ ਦੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਹੈ। ਇਨ੍ਹਾਂ ਪਾੜ੍ਹਿਆਂ ਨੇ ਦੱਸਿਆ ਕਿ ਯੂਕਰੇਨ ਵਿੱਚ ਰੂਸ ਨੇ ਬਹੁਤ ਮਾੜਾ ਹਾਲ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਨਾਲ ਨਾਲ ਆਸ-ਪਾਸ ਦੇ ਦੇਸ਼ਾ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਵੀ ਵਿਦਿਆਰਥੀਆਂ ਦੀ ਕਾਫੀ ਮਦਦ ਕੀਤੀ। ਯੂਕਰੇਨ ਤੋਂ ਪਰਤਣ ਵਾਲਿਆਂ ’ਚ ਮਾਨਸੀ, ਗੌਤਮ ਭੰਵਰਾ, ਆਕਾਸ਼, ਸ਼ੁਭਮ ਅਤੇ ਕਰੁਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਹਾਇਤਾ ਮਿਲਣ ’ਤੇ ਹੀ ਉਹ ਭਾਰਤ ਵਾਪਸ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਵਿੱਚ ਮੈਡੀਕਲ ਦੀਆਂ ਸੀਟਾਂ ਵਧਾ ਦਿੱਤੀਆਂ ਜਾਣ ਤਾਂ ਵਿਦਿਆਰਥੀਆਂ ਨੂੰ ਬਾਹਰ ਨਹੀਂ ਜਾਣਾ ਪਵੇਗਾ ਤੇ ਉਨ੍ਹਾਂ ਦਾ ਭਵਿੱਖ ਵੀ ਸੁਰੱਖਿਅਤ ਹੋ ਜਾਵੇਗਾ। ਰਾਏਪੁਰ ਰਾਣੀ ਦੇ ਇਨ੍ਹਾਂ ਪਾੜ੍ਹਿਆਂ ਦਾਂ ਮਾਪਿਆਂ ਤੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ।
ਜੰਗ ਪ੍ਰਭਾਵਿਤ ਮੁਲਕ ਤੋਂ ਘਰ ਪਰਤੀ ਪਿੰਡ ਦੁੱਮਣਾ ਦੀ ਸਿਮਰਨ
ਮੋਰਿੰਡਾ (ਸੰਜੀਵ ਤੇਜਪਾਲ): ਨਜ਼ਦੀਕੀ ਪਿੰਡ ਦੁੱਮਣਾ ਦੀ ਸਿਮਰਨ ਕੌਰ ਜੋ ਕਿ ਯੂਕਰੇਨ ਵਿੱਚ ਫਸੀ ਹੋਈ ਸੀ, ਲੰਘੀ ਦੇਰ ਸ਼ਾਮ ਆਪਣੇ ਘਰ ਵਾਪਸ ਆ ਗਈ ਹੈ। ਸਿਮਰਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਐੱਮਬੀਬੀਐੱਸ ਦੇ ਪੰਜਵੇਂ ਸਮੈਸਟਰ ਦੀ ਪੜ੍ਹਾਈ ਯੂਕਰੇਨ ਦੇ ਖੀਰਕੀਵ ਵਿੱਚ ਕਰ ਰਹੀ ਸੀ। ਯੂਕਰੇਨ ਅਤੇ ਰੂਸ ਵਿਚਾਲੇ ਜੰਗ ਲੱਗਣ ਕਾਰਨ ਖੀਰਕੀਵ ਦੇ ਹਾਲਾਤ ਕਾਫੀ ਚਿੰਤਾਜਨਕ ਹੋ ਗਏ। ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਐਡਵਾਇਜ਼ਰੀ ਜਾਰੀ ਕਰ ਕੇ ਹੰਗਰੀ ਜਾਂ ਪੋਲੈਂਡ ਦੇ ਬਾਰਡਰਾਂ ਵੱਲ ਜਾਣ ਜਾਂ ਮੈਟਰੋ ਸਟੇਸ਼ਨਾਂ/ਬੰਕਰਾਂ ਵਿੱਚ ਛੁਪੇ ਰਹਿਣ ਲਈ ਕਿਹਾ ਗਿਆ। ਉਸ ਨੇ ਦੱਸਿਆ ਕਿ ਯੂਕਰੇਨ ਵਿੱਚ ਲਗਪਗ 26 ਹਜ਼ਾਰ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਨੂੰ ਖਾਣ-ਪੀਣ ਦੀ ਕਾਫੀ ਮੁਸ਼ਕਿਲ ਪੇਸ਼ ਆਈ ਅਤੇ ਉਹ ਬਰਫ਼ ਨੂੰ ਗਰਮ ਕਰ ਕੇ ਪਾਣੀ ਪੀਂਦੇ ਰਹੇ। ਸਿਮਰਨ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਰਡਰ ਤੱਕ ਪਹੁੰਚਣ ਲਈ ਲਗਪਗ 1500 ਕਿਲੋਮੀਟਰ ਦਾ ਸਫਰ ਤੈਅ ਕਰਨਾ ਪਿਆ। ਵਿਦਿਆਰਥਣ ਨੇ ਦੱਸਿਆ ਕਿ ਯੂਕਰੇਨ ਵਿੱਚ ਹਰ ਸਮੇਂ ਗੋਲਾਬਾਰੀ ਹੋਣ ਕਾਰਨ ਉੱਥੋਂ ਦੇ ਨਾਗਰਿਕ ਬੰਕਰਾਂ ਜਾਂ ਬੇਸਮੈਂਟਾਂ ਵਿੱਚ ਛੁਪ ਕੇ ਹਵਾਈ ਹਮਲਿਆਂ ਤੋਂ ਆਪਣੀ ਜਾਨ ਬਚਾਅ ਰਹੇ ਸਨ। ਹਰ ਪਾਸੇ ਡਰ ਦਾ ਮਾਹੌਲ ਸੀ। ਉਸ ਨੇ ਦੱਸਿਆ ਕਿ ਅਜਿਹੇ ਹਾਲਾਤ ਵਿੱਚ ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਬਾਰਡਰਾਂ ਤੱਕ ਜਾਣ ਦਾ ਫ਼ੈਸਲਾ ਲਿਆ ਅਤੇ ਉਹ ਪਹਿਲਾਂ ਰੇਲ ਗੱਡੀ ਰਾਹੀਂ ਪੋਲੈਂਡ ਦੇ ਬਾਰਡਰ ਤੱਕ ਪਹੁੰਚੇ। ਸਿਮਰਨ ਨੇ ਦੱਸਿਆ ਕਿ ਇੱਥੋਂ ਦੂਤਾਵਾਸ ਦੇ ਅਧਿਕਾਰੀਆਂ ਦੀ ਡਿਊਟੀ ਸ਼ੁਰੂ ਹੋਈ, ਜਿਨ੍ਹਾਂ ਨੇ ਉਨ੍ਹਾਂ ਨੂੰ ਹਵਾਈਅੱਡੇ ’ਤੇ ਪਹੁੰਚਾਇਆ ਅਤੇ ਉਹ ਆਪਣੇ ਸਾਥੀਆਂ ਨਾਲ ਪੋਲੈਂਡ ਤੋਂ ਦਿੱਲੀ ਹਵਾਈਅੱਡੇ ਵਿਖੇ ਪੁੱਜ ਗਏ। ਜਿੱਥੋਂ ਬੱਸ ਰਾਹੀਂ ਵਾਇਆ ਮੋਰਿੰਡਾ ਉਹ ਆਪਣੇ ਪਿੰਡ ਦੁੱਮਣਾ ਆਈ। ਆਪਣੀ ਧੀ ਦੀ ਘਰ ਵਾਪਸੀ ’ਤੇ ਸਿਮਰਨ ਦੀ ਮਾਤਾ ਸੁਖਵਿੰਦਰ ਕੌਰ ਅਤੇ ਪਿਤਾ ਗੁਰਸੇਵਕ ਸਿੰਘ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਮਾਪਿਆਂ ਨੇ ਮੰਗ ਕੀਤੀ ਕੇ ਅੱਧ ਵਿਚਾਲੇ ਪੜ੍ਹਾਈ ਛੱਡ ਕੇ ਵਾਪਸ ਆਏ ਵਿਦਿਆਰਥੀਆਂ ਦੀ ਭਾਰਤ ਸਰਕਾਰ ਡਿਗਰੀ ਮੁਕੰਮਲ ਕਰਵਾਵੇ। ਇਸ ਮੌਕੇ ਮਾਪਿਆਂ ਨੇ ਪਿੰਡ ਵਾਸੀਆਂ ਨੂੰ ਲੱਡੂ ਵੀ ਵੰਡੇ।