ਚੰਡੀਗੜ੍ਹ: ਪੀਜੀਆਈ ਦੇ ਨਿਊਰੋਸਰਜਰੀ ਵਿਭਾਗ ਨੇ ਦੱਸਿਆ ਕਿ ਇੱਥੇ 3ਡੀ ਐਕਸੋਸਕੋਪ ਨਾਲ ਮਰੀਜ਼ਾਂ ਦੇ ਅਪਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ। ਦੇਸ਼ ਵਿੱਚ ਪਹਿਲੀ ਵਾਰ ਇਹ ਤਕਨੀਕ ਵਰਤੀ ਜਾ ਰਹੀ ਹੈ। ਵਿਭਾਗ ਵੱਲੋਂ ਦੱਸਿਆ ਗਿਆ ਕਿ ਨਿਊਰੋ ਸਰਜਨ ਧੰਦਾਪਨੀ ਅਤੇ ਉਨ੍ਹਾਂ ਦੀ ਟੀਮ ਨੇ 3ਡੀ ਐਕਸੋਸਕੋਪ ਨਾਲ ਦੋ ਮਰੀਜ਼ਾਂ ਦੇ ਬ੍ਰੇਨ ਟਿਊਮਰ ਅਤੇ ਅੱਖਾਂ ਸਬੰਧੀ ਰੋਗਾਂ ਦੀ ਸਫ਼ਲ ਸਰਜਰੀ ਕੀਤੀ ਹੈ। ਵਿਭਾਗ ਮੁਤਾਬਕ ਦਿਮਾਗ ਅਤੇ ਰੀੜ੍ਹ ਦੀ ਸਰਜਰੀ ਸਬੰਧੀ ਇਹ ਸੱਜਰੀ ਆਧੁਨਿਕ ਤਕਨੀਕ ਹੈ। ਦੇਸ਼ ਅੰਦਰ ਵੱਖ-ਵੱਖ ਸੈਂਟਰਾਂ ’ਚ 2ਡੀ ਐਕਸੋਸਕੋਪ ਤਕਨੀਕ ਵਰਤੀ ਜਾ ਰਹੀ ਹੈ ਪਰ ਪੀਜੀਆਈ ਦੇਸ਼ ਦੀ ਪਹਿਲੀ ਸੰਸਥਾ ਹੈ ਜਿੱਥੇ ਇਹ 3ਡੀ ਐਕਸੋਸਕੋਪ ਤਕਨੀਕ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਪੀਜੀਆਈ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਕਿ ਦਿਮਾਗ, ਰੀੜ੍ਹ ਅਤੇ ਅੱਖਾਂ ਸਬੰਧੀ ਸਮੱਸਿਆਵਾਂ ਦੀ ਸਰਜਰੀ ਲਈ ਇਹ ਬਹੁਤ ਮਦਦਗਾਰ ਹੈ। ਮਰੀਜ਼ਾਂ ਲਈ ਇਹ ਬਹੁਤ ਲਾਭਦਾਇਕ ਸਿੱਧ ਹੋਵੇਗੀ। -ਆਈਏਐੱਨਐੱਸ