ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਗਸਤ
ਯੂਟੀ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਨੇੜੇ ਬਣਾਈ ਜਾ ਰਹੀ ਪੰਛੀਸ਼ਾਲਾ ਦਾ ਕੰਮ ਰੋਕਣ ਲਈ ਸਾਬਕਾ ਕੇਂਦਰੀ ਮੰਤਰੀ ਅਤੇ ਪਸ਼ੂ ਅਧਿਕਾਰਾਂ ਦੀ ਕਾਰਕੁਨ ਮੇਨਕਾ ਗਾਂਧੀ ਨੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਪੱਤਰ ਲਿਖਿਆ ਹੈ। ਮੇਨਕਾ ਗਾਂਧੀ ਨੇ ਪੱਤਰ ਵਿੱਚ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਨੇੜੇ ਬਣਾਈ ਜਾ ਰਹੀ ਪੰਛੀਸ਼ਾਲਾ ਵਿੱਚ 1500 ਦੇ ਕਰੀਬ ਪੰਛੀਆਂ ਨੂੰ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਪੰਛੀਸ਼ਾਲਾ ਲਈ ਵਿਦੇਸ਼ਾਂ ਤੋਂ ਪੰਛੀਆਂ ਦੀ ਖਰੀਦ ਕੀਤੀ ਜਾਵੇਗਾ ਅਤੇ ਉਨ੍ਹਾਂ ਨੂੰ ਪਿੰਜਰੇ ਵਿੱਚ ਬੰਦ ਕਰ ਕੇ ਰੱਖਿਆ ਜਾਵੇਗਾ ਜਦਕਿ ਇਹ ਦੋਵੇਂ ਹੀ ਕੰਮ ਗੈਰ-ਕਾਨੂੰਨੀ ਹਨ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਜਾਨਵਰਾਂ ਤੇ ਪੰਛੀਆਂ ਨੂੰ ਪਿੰਜਰੇ ਵਿੱਚ ਬੰਦ ਕਰਨ ’ਤੇ ਪਾਬੰਦੀ ਲਗਾਈ ਹੋਈ ਹੈ। ਦੂਜੇ ਪਾਸੇ ਜੰਗਲਾਤ ਵਿਭਾਗ ਦੇ ਅਧਿਕਾਰੀ ਦੇਬੇਂਦਰ ਦਲਾਈ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਪੰਛੀਸ਼ਾਲਾ ਬਣਾਉਣ ਲਈ ਸਾਰੇ ਕਾਨੂੰਨੀ ਪਹਿਲੂਆਂ ਨੂੰ ਧਿਆਨ ’ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਛੀਸ਼ਾਲਾ ਬਾਰੇ ਕੇਂਦਰੀ ਮੰਤਰਾਲੇ ਨੂੰ ਪੂਰੀ ਰਿਪੋਰਟ ਭੇਜੀ ਜਾਵੇਗੀ। ਪੰਛੀਆਂ ਦੇ ਆਕਾਰ ਨੂੰ ਦੇਖਦੇ ਹੋਏ ਪਿੰਜਰਾ ਬਣਾਇਆ ਜਾ ਰਿਹਾ ਹੈ।