ਪੱਤਰ ਪ੍ਰੇਰਕ
ਚੰਡੀਗੜ੍ਹ, 23 ਅਗਸਤ
ਪੰਜਾਬ ਯੂਨੀਵਰਸਿਟੀ ਵਿੱਚ ਉਪ ਕੁਲਪਤੀ ਦਫ਼ਤਰ ਅੱਗੇ ਚੱਲ ਰਿਹਾ ਦਿਨ-ਰਾਤ ਦਾ ਲਗਾਤਾਰ ਧਰਨਾ ਸਿਆਸੀ ਰੰਗ ਫੜਦਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਸਿਆਸੀ ਆਗੂ ਇੱਥੇ ਪੁੱਜ ਕੇ ਧਰਨੇ ਨੂੰ ਸਮਰਥਨ ਦੇ ਰਿਹਾ ਹੈ। ਇਸੇ ਦੌਰਾਨ ਅੱਜ ਸਾਬਕਾ ਕੈਬਨਿਟ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਧਰਨੇ ’ਚ ਪੁੱਜੇ ਤੇ ਸਮਰਥਨ ਦਿੱਤਾ।
ਸ੍ਰੀ ਮਜੀਠੀਆ ਨੇ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਸਬੰਧੀ ਧਰਨੇ ’ਤੇ ਬੈਠੇ ਵਿਦਿਆਰਥੀ ਜਥੇਬੰਦੀ ਪੂਸੂ ਦੇ ਸਾਬਕਾ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਉਰਫ਼ ਬਿੱਲਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਪੀਯੂ ਦੀ ਹੋਂਦ ਨੂੰ ਬਚਾਉਣ ਲਈ ਇੱਕ ਬੈਨਰ ਹੇਠ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਸੈਨੇਟ ਚੋਣਾਂ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਵੀ ਪੱਤਰ ਲਿਖਣਗੇ। ਯੂ.ਟੀ. ਚੰਡੀਗੜ੍ਹ ਦਾ ਵੱਖਰਾ ਰਾਜਪਾਲ ਲਗਾਉਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਜਿਹਾ ਹੋਣ ’ਤੇ ਲੋਕ ਸੜਕਾਂ ’ਤੇ ਉੱਤਰ ਆਉਣਗੇ। ਇਸ ਮੌਕੇ ਐੱਸਓਆਈ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਮੌਜੂਦ ਸਨ।
ਐੱਸਓਆਈ ਨੂੰ ਛੱਡ ਕੇ ਹੋਰਨਾਂ ਜਥੇਬੰਦੀਆਂ ਨੇ ਮਜੀਠੀਆ ਤੋਂ ਕੀਤਾ ਕਿਨਾਰਾ
ਅੱਜ ਜਿਉਂ ਹੀ ਬਿਕਰਮ ਸਿੰਘ ਮਜੀਠੀਆ ਧਰਨੇ ਵਿੱਚ ਸ਼ਾਮਲ ਹੋਣ ਲਈ ਐੱਸਓਆਈ ਆਗੂਆਂ ਨਾਲ ਪੁੱਜੇ ਤਾਂ ਧਰਨੇ ਵਿੱਚ ਸ਼ਾਮਲ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੇ ਮਜੀਠੀਆ ਤੋਂ ਕਿਨਾਰਾ ਕਰ ਲਿਆ। ਕੁਝ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਕਾਂਗਰਸੀ ਅਤੇ ਅਕਾਲੀ ਆਗੂ ਹੁਣ ਵਿਧਾਨ ਸਭਾ ਚੋਣਾਂ ਨੇੜੇ ਦੇਖ ਕੇ ਧਰਨੇ ਵਿੱਚ ਸਿਆਸੀ ਰੋਟੀਆਂ ਸੇਕਣ ਲਈ ਆ ਰਹੇ ਹਨ। ਪੀ.ਐੱਸ.ਯੂ. (ਲਲਕਾਰ) ਤੋਂ ਅਮਨ ਨੇ ਕਿਹਾ ਕਿ ਪੀ.ਯੂ. ਵਿਚਲੇ ਮੌਜੂਦਾ ਹਾਲਾਤ ਲਈ ਸਮੇਂ ਦੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਜ਼ਿੰਮੇਵਾਰ ਹਨ।