ਪੱਤਰ ਪ੍ਰੇਰਕ
ਚੰਡੀਗੜ੍ਹ, 24 ਅਗਸਤ
ਪੰਜਾਬ ਤੇ ਹਰਿਆਣਾ ਵਰਗੇ ਗੁਆਂਢੀ ਰਾਜਾਂ ਵਿੱਚ ਪਸ਼ੂਆਂ ਵਿੱਚ ‘ਲੰਪੀ ਸਕਿਨ’ ਦੀ ਬਿਮਾਰੀ ਦੀਆਂ ਘਟਨਾਵਾਂ ਸਾਹਮਣੇ ਆਉਣ ਤੇ ਯੂ.ਟੀ. ’ਚ ਇੱਕਾ-ਦੁੱਕਾ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਪਸ਼ੂ ਪਾਲਣ ਵਿਭਾਗ ਨੇ ਸ਼ਹਿਰ ’ਚ ਪਸ਼ੂਆਂ ਦੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ। ਪਸ਼ੂਆਂ ਦੇ ਇਲਾਜ ਲਈ ਮੁਫ਼ਤ ਦਵਾਈਆਂ ਸਣੇ ਹਰ ਕਿਸਮ ਦੀ ਸਹਾਇਤਾ ਤੇ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਪਸ਼ੂ ਪਾਲਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਮੀਡੀਆ ਦੇ ਨਾਂ ਜਾਰੀ ਅਧਿਕਾਰਤ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਦੇ ਸਾਰੇ ਪਿੰਡਾਂ ’ਚ ਬਿਮਾਰੀ ਪ੍ਰਤੀ ਜਾਗਰੂਕਤਾ ਮੁਹਿੰਮ ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਡੇਅਰੀ ਦੀ ਆਬਾਦੀ ਵਾਲੇ ਖੇਤਰ ਵਿੱਚ ਫੌਗਿੰਗ ਆਦਿ ਵੀ ਕਰਵਾਈ ਜਾ ਰਹੀ ਹੈ।
ਬਿਮਾਰੀ ਕਾਰਨ ਅੱਧੀ ਦਰਜਨ ਤੋਂ ਵੱਧ ਪਸ਼ੂਆਂ ਦੀ ਮੌਤ ਹੋਈ
ਪੰਚਕੂਲਾ (ਪੱਤਰ ਪ੍ਰੇਰਕ): ਲੰਪੀ ਬਿਮਾਰੀ ਕਾਰਨ ਪੰਚਕੂਲਾ ਜ਼ਿਲ੍ਹੇ ਵਿੱਚ ਅੱਧੀ ਦਰਜਨ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਗਈ ਹੈ। ਫਿਲਹਾਲ ਜ਼ਿਲ੍ਹੇ ਵਿੱਚ 2347 ਪਸ਼ੂ ਲੰਪੀ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ। ਜ਼ਿਲ੍ਹੇ ’ਚ ਲੰਪੀ ਬਿਮਾਰੀ ਦਿਨੋ ਦਿਨ ਵਧ ਰਹੀ ਹੈ। ਭਾਵੇਂ ਪਸ਼ੂ ਪਾਲਣ ਵਿਭਾਗ ਵੱਲੋਂ ਟੀਮਾਂ ਬਣਾ ਕੇ ਇਸ ਬਿਮਾਰੀ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਫਿਰ ਵੀ ਇਹ ਬਿਮਾਰੀ ਘਟਦੀ ਨਜ਼ਰ ਨਹੀਂ ਆ ਰਹੀ। ਗਾਊਸ਼ਾਲਾਵਾਂ ’ਚ ਜਾ ਕੇ ਸਿਹਤ ਵਿਭਾਗ ਦੇ ਡਾਕਟਰ ਲੰਪੀ ਬਿਮਾਰੀ ਨਾਲ ਪੀੜਤ ਗਾਊਆਂ ਨੂੰ ਟੀਕੇ ਲਗਾਏ ਜਾ ਰਹੇ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 702 ਦੇ ਕਰੀਬ ਪਸ਼ੂ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਲੰਪੀ ਬਿਮਾਰੀ ਦਾ ਸਭ ਤੋਂ ਵੱਧ ਨੁਕਸਾਨ ਦੋਧੀਆਂ ਨੂੰ ਹੋ ਰਿਹਾ ਹੈ ਕਿਉਂਕਿ ਪਸ਼ੂਆਂ ਦੀ ਇਸ ਬੀਮਾਰੀ ਕਾਰਨ ਲੋਕਾਂ ਨੇ ਦੋਧੀਆਂ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ ਹੈ।