ਜ਼ੀਰਕਪੁਰ: ਚੰਡੀਗੜ੍ਹ-ਅੰਬਾਲਾ ਸੜਕ ’ਤੇ ਮੈਟਰੋ ਸਟੋਰ ਨੇੜੇ 26 ਮਈ ਨੂੰ ਚਾਰ ਲੁੱਟੇਰੇ ਕਰਨਾਲ ਦੇ ਬਿਲਡਰ ਦੇ ਡਰਾਈਵਰ ਨੂੰ ਪਿਸਤੌਲ ਦਿਖਾ ਕੇ ਸਕਾਰਪਿਓ ਗੱਡੀ ਅਤੇ ਦੋ ਲੱਖ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਨੇ ਅੱਜ ਮਾਮਲੇ ਦੀ ਪੜਤਾਲ ਮਗਰੋਂ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਸ਼ਿਕਾਇਤਕਰਤਾ ਵਿਕਾਸ ਕੁਮਾਰ ਵਾਸੀ ਖੇੜੀ ਆਸਰਾ ਬਹਾਦਰਗੜ੍ਹ ਜ਼ਿਲ੍ਹਾ ਝੱਜਰ ਨੇ ਦੱਸਿਆ ਕਿ ਉਹ ਕੇਸੀ ਰੀਅਲ ਐਸਟੇਟ ਕੰਪਨੀ ਵਿੱਚ ਬਤੌਰ ਡਰਾਈਵਰ ਕੰਮ ਕਰਦਾ ਹੈ। ਉਹ ਤੇ ਮੈਨੇਜਰ ਅਮਿਤਾਬ ਅਗਰਵਾਲ ਸਕਾਰਪਿਓ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਜਾ ਰਹੇ ਸੀ। ਜਦੋਂ ਉਹ ਮੈਟਰੋ ਸਟੋਰ ਦੇ ਸਾਹਮਣੇ ਪਹੁੰਚੇ ਤਾਂ ਮੈਨੇਜਰ ਅਮਿਤਾਬ ਕਿਸੇ ਕੰਮ ਚਲਾ ਗਿਆ ਤੇ ਉਹ ਗੱਡੀ ਵਿੱਚ ਸੜਕ ਕੰਢੇ ਖੜ੍ਹਾ ਹੋ ਗਿਆ। ਇਸ ਦੌਰਾਨ ਲੁਟੇਰੇ ਗੱਡੀ ਖੋਹ ਕੇ ਫ਼ਰਾਰ ਹੋ ਗਏ। ਗੱਡੀ ਵਿੱਚ ਦੋ ਲੱਖ ਰੁਪਏ, ਲੈਪਟੌਪ ਤੇ ਜ਼ਰੂਰੀ ਦਸਤਾਵੇਜ਼ ਸਨ। ਥਾਣਾ ਮੁਖੀ ਦੀਪਇੰਦਰ ਬਰਾੜ ਅਨੁਸਾਰ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ