ਆਤਿਸ਼ ਗੁਪਤਾ
ਚੰਡੀਗੜ੍ਹ, 31 ਮਈ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਘਟਣ ’ਤੇ ਯੂਟੀ ਪ੍ਰਸ਼ਾਸਨ ਨੇ ਪਾਬੰਦੀਆਂ 9 ਜੂਨ ਤੱਕ ਵਧਾ ਦਿੱਤੀਆਂ ਹਨ। ਇਸ ਤੋਂ ਇਲਾਵਾ ਵਪਾਰੀਆਂ ਨੂੰ ਹੋਰ ਰਾਹਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਹੁਣ ਰੋਜ਼ਾਨਾ ਸਵੇਰੇ 9 ਤੋਂ ਦੁਪਹਿਰ 4 ਵਜੇ ਤੱਕ ਸਾਰੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ ਜੋ ਪਹਿਲਾਂ ਸਵੇਰੇ 9 ਤੋਂ 3 ਵਜੇ ਤੱਕ ਖੁੱਲ੍ਹਦੀਆਂ ਸਨ। ਸੈਲੂਨ ਖੋਲ੍ਹੇ ਜਾ ਸਕਦੇ ਹਨ ਪਰ ਸਪਾ ਤੇ ਮਸਾਜ ਸੈਂਟਰ ਬੰਦ ਰਹਿਣਗੇ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਕਰੋਨਾ ਪ੍ਰਬੰਧਾਂ ਦੀ ਸਮੀਖਿਆ ਲਈ ਹੋਈ ‘ਵਾਰ ਰੂਮ’ ਦੀ ਮੀਟਿੰਗ ਵਿੱਚ ਲਿਆ ਗਿਆ।
ਸ੍ਰੀ ਬਦਨੌਰ ਨੇ ਦੱਸਿਆ ਕਿ ਸਪੋਰਟਸ ਕੰਪਲੈਕਸ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਖੋਲ੍ਹ ਦਿੱਤੇ ਗਏ ਹਨ। ਸਵੀਮਿੰਗ ਪੂਲ ਅਤੇ ਜਿੰਮ ਬੰਦ ਰਹਿਣਗੇ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। ਹਫ਼ਤਾਵਰੀ ਕਰਫਿਊ ਦਾ ਫ਼ੈਸਲਾ ਆਗਾਮੀ ਮੀਟਿੰਗ ਵਿੱਚ ਲਿਆ ਜਾਵੇਗਾ। ਰੈਸਟੋਰੇਂਟਾਂ ਤੇ ਹੋਟਲਾਂ ਵਿੱਚ ਬਿਠਾ ਕੇ ਖਵਾਉਣ ’ਤੇ ਪਾਬੰਦੀ ਰਹੇਗੀ ਜਦਕਿ ਹੋਮ ਡਿਲੀਵਰੀ ਰਾਤ 10 ਵਜੇ ਤੱਕ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਵੱਲੋਂ ਸੈਨੀਟਾਈਜੇਸ਼ਨ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਅਤੇ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਜਾਵੇਗੀ।
ਯੂਟੀ ਦੇ ਪ੍ਰਸ਼ਾਸਕ ਨੇ ਸੈਕਟਰ-45 ਦੇ ਹਸਪਤਾਲ ਨੂੰ ਬੱਚਿਆਂ ਦੇ ਹਸਪਤਾਲ ਵਿੱਚ ਸ਼ਿਫ਼ਟ ਕਰਨ ਦੇ ਆਦੇਸ਼ ਦਿੱਤੇ। ਫੂਡ ਅਤੇ ਸਪਲਾਈ ਵਿਭਾਗ ਨੂੰ ਪ੍ਰਧਾਨ ਮੰਤਰੀ ਜਨ ਕਲਿਆਣ ਅਣ ਯੋਜਨਾ ਤਹਿਤ ਲੋਕਾਂ ਤੱਕ ਰਾਸ਼ਨ ਜਲਦੀ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਸ਼ਾਸਕ ਨੇ ਡੀਜੀਪੀ ਸੰਜੇ ਬੈਨੀਵਾਲ ਨੂੰ ਮੈਡੀਕਲ ਸੰਸਥਾਵਾ ਦੇ ਪੁਖਤਾ ਸੁਰੱਖਿਆ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ। ਪੁਲੀਸ ਨੂੰ ਸ਼ਹਿਰ ਵਿੱਚ ਰਾਤ ਦੇ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਗਏ ਦਿੱਤੇ ਹਨ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਨੇ ਕਰੋਨਾ ਮਹਾਮਾਰੀ ਦੌਰਾਨ ਅਨਾਥ ਹੋਏ ਬੱਚਿਆਂ ’ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਸਕੂਲ ਸਿੱਖਿਆ ਦੌਰਾਨ ਫ਼ੀਸ ’ਚ ਛੋਟ ਦਵਾਈ ਜਾਵੇਗੀ ਜਦਕਿ ਬੱਚਿਆਂ ਦਾ ਪਾਲਣ ਪੋਸ਼ਣ ਬਾਲ ਘਰ ਵਿੱਚ ਮੁਫ਼ਤ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਸਮਾਜ ਭਲਾਈ ਵਿਭਾਗ ਦੀ ਸਕੱਤਰ ਨਿਤੀਕਾ ਪਵਾਰ ਨੂੰ ਅਨਾਥ ਹੋਏ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਰਿਪੋਰਟ ਤਿਆਰ ਕਰਨ ਦੇ ਨਿਰੇਦਸ਼ ਦਿੱਤੇ ਹਨ। ਸ੍ਰੀ ਬਦਨੌਰ ਨੇ ਸ਼ਹਿਰ ਦੇ ਲੋਕਾਂ ਨੂੰ ਸਮਾਜਿਕ ਦੁਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਘਰੋਂ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰਨ ਲਈ ਪ੍ਰੇਰਿਆ।
ਜੂਨ ਦੇ ਅਖੀਰ ਤੱਕ ਚੱਲਣਗੇ ਮਿਨੀ ਕੋਵਿਡ ਸੈਂਟਰ
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸ਼ਹਿਰ ਵਿੱਚ ਚੱਲ ਰਹੇ ਮਿਨੀ ਕੋਵਿਡ ਕੇਅਰ ਸੇਂਟਰ ਨੂੰ ਜੂਨ ਦੇ ਅਖੀਰ ਤੱਕ ਚਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮਿਨੀ ਕੋਵਿਡ ਕੇਅਰ ਸੈਂਟਰਾਂ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰੋਨਾ ਦੀ ਰੋਕਥਾਮ ’ਚ ਆਸਾਨੀ ਹੋਈ ਹੈ।
ਠੇਕੇ ਦੇ ਕਰਿੰਦੇ ਖ਼ਿਲਾਫ਼ ਕੇਸ ਦਰਜ
ਜ਼ੀਰਕਪੁਰ: ਪੁਲੀਸ ਨੇ ਰਾਇਲ ਅਸਟੇਟ ਵਿੱਚ ਲੌਕਡਾਊਨ ਦੀ ਉਲੰਘਣਾ ਕਰ ਕੇ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਦੋਸ਼ ਹੇਠ ਉਸਦੇ ਕਰਿੰਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਰਾਇਲ ਅਸਟੇਟ ਦੇ ਨੇੜੇ ਸ਼ਰਾਬ ਦੇ ਇੱਕ ਠੇਕੇ ਵਿੱਚ ਮੌਜੂਦ ਕਰਿੰਦੇ ਵੱਲੋਂ ਦੇਰ ਸ਼ਾਮ ਅੱਠ ਵਜੇ ਤੋਂ ਬਾਅਦ ਵੀ ਚੋਰ ਮੋਰੀ ਰਾਹੀਂ ਨਾਜਾਇਜ਼ ਤੌਰ ’ਤੇ ਸ਼ਰਾਬ ਵੇਚੀ ਜਾ ਰਹੀ ਸੀ। ਪੁਲੀਸ ਨੇ ਅਣਪਛਾਤੇ ਕਰਿੰਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ