ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 2 ਜੂਨ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕੋਵਿਡ-19 ਦੇ ਪਾਜ਼ੇਟਿਵ ਮਾਮਲਿਆਂ ਵਿੱਚ ਆਈ ਕਮੀ ਦੇ ਮੱਦੇਨਜ਼ਰ ਤੇ ਭਾਈਵਾਲਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਪੀਆਰਸੀਪੀ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 7 ਮਈ 2021 ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਹਨ ਜੋ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੀਆਂ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮੌਜੂਦਾ ਸਮੇਂ ਕੋਵਿਡ-19 ਨੂੰ ਕੰਟਰੋਲ ਕਰਨ, ਇਸ ਦੇ ਪ੍ਰਬੰਧਨ ਦੀਆਂ ਜ਼ਰੂਰਤਾਂ ਤੇ ਲੋਕਾਂ ਦੀ ਰੋਜ਼ੀ-ਰੋਟੀ ਨੂੰ ਬਚਾਉਣ ਤੇ ਸੁਰੱਖਿਅਤ ਕਰਨ ਵਿਚਾਲੇ ਸੰਤੁਲਨ ਬਣਾਉਣ ਹਿੱਤ ਪਿਛਲੇ ਆਦੇਸ਼ਾਂ ’ਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਸੋਧਾਂ ਅਨੁਸਾਰ ਸ਼ਰਾਬ ਦੇ ਠੇਕੇ ਵੀਕੈਂਡ ਕਰਫ਼ਿਊ ਦੌਰਾਨ ਬੰਦ ਰਹਿਣਗੇ। ਸ਼ਹਿਰੀ ਖੇਤਰਾਂ ’ਚ ਔਡ/ਈਵਨ ਢੰਗ ਨਾਲ ਦੁਕਾਨਾਂ ਖੋਲ੍ਹਣਾ ਬੰਦ ਕਰ ਦਿੱਤਾ ਗਿਆ ਹੈ। ਨਿੱਜੀ ਦਫ਼ਤਰਾਂ ਨੂੰ ਬਿਨਾਂ ਕਿਸੇ ਵੱਖਰੀ ਮਨਜ਼ੂਰੀ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਹੈ ਪਰ ਭੀੜ ਤੋਂ ਬਚਣ ਲਈ ਸਿਰਫ਼ 50 ਫੀਸਦੀ ਸਟਾਫ਼ ਨੂੰ ਹੀ ਕੰਮ ’ਤੇ ਬੁਲਾਇਆ ਜਾਵੇਗਾ।
ਇਸ ਤੋਂ ਇਲਾਵਾ ਨਿੱਜੀ ਵਾਹਨਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਸਬੰਧੀ ਲਾਈਆਂ ਪਾਬੰਦੀਆਂ ਵਾਪਸ ਲੈ ਲਈਆਂ ਹਨ। ਹਾਲਾਂਕਿ ਇਹ ਪਾਬੰਦੀਆਂ ਵਪਾਰਕ ਵਾਹਨਾਂ/ਟੈਕਸੀਆਂ ਆਦਿ ’ਤੇ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੀਆਂ। ਜ਼ਿਲ੍ਹਾ ਮੈਜਿਸਟਰੇਟ ਦੇ ਤਾਜ਼ਾ ਆਦੇਸ਼ਾਂ ਅਨੁਸਾਰ ਪਹਿਲਾਂ ਲਾਗੂ ਪਾਬੰਦੀਆਂ ਜੋ ਅੱਗੇ ਵੀ ਲਾਗੂ ਰਹਿਣਗੀਆਂ ਅਨੁਸਾਰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ। ਪਰ ਮਾਲਾਂ/ਕੰਪਲੈਕਸਾਂ ਵਿੱਚ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਤੋਂ ਇਲਾਵਾ ਕੋਈ ਵੀ ਸ਼ਾਪਿੰਗ ਮਾਲ ਜਾਂ ਸਿੰਗਲ/ਮਲਟੀ-ਬ੍ਰਾਂਡ ਪ੍ਰਚੂਨ ਸਟੈਂਡਅਲੋਨ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ। ਮਾਰਕੀਟ ਐਸੋਸੀਏਸ਼ਨਾਂ ਵੱਲੋਂ ਕੋਵਿਡ ਮੌਨੀਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਤੇ ਉਨ੍ਹਾਂ ਦੇ ਨਾਂ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਜਾਣਗੇ। ਉਹ ਨਿੱਜੀ ਤੌਰ ’ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ। ਰੈਸਟੋਰੈਂਟ/ਈਟਰੀਜ਼ ਕੇਵਲ ਸ਼ਾਮ 9 ਵਜੇ ਤੱਕ ਘਰ ਸਪੁਰਦਗੀ ਲਈ ਖੋਲ੍ਹੇ ਜਾ ਸਕਦੇ ਹਨ ਪਰ ਕੋਈ ਡਾਇਨ-ਇਨ ਜਾਂ ਟੇਕ-ਅਵੇ ਨਹੀਂ ਹੋਵੇਗਾ। ਜੇ ਕੋਈ ਉਲੰਘਣਾ ਹੁੰਦੀ ਹੈ ਤਾਂ ਪ੍ਰਬੰਧਨ ਤੇ ਗਾਹਕ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਸਵੈ-ਰੁਜ਼ਗਾਰ ਵਾਲੇ ਵਿਅਕਤੀਆਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਜਿਵੇਂ ਕਿ ਇਲੈਕਟ੍ਰੀਸ਼ੀਅਨ, ਪਲੰਬਰ, ਆਈਟੀ ਮੁਰੰਮਤ ਆਦਿ ਦੀ ਆਗਿਆ ਹੋਵੇਗੀ। ਪ੍ਰਾਈਵੇਟ ਦਫ਼ਤਰਾਂ ਸਬੰਧੀ ਤਾਜ਼ਾ ਆਦੇਸ਼ਾਂ ਅਨੁਸਾਰ ਦਫ਼ਤਰਾਂ ਨੂੰ ਖੋਲ੍ਹਣ ਦੀ ਆਗਿਆ ਹੈ ਪਰ ਭੀੜ ਤੋਂ ਬਚਣ ਲਈ ਸਿਰਫ਼ 50 ਫੀਸਦੀ ਸਟਾਫ਼ ਨੂੰ ਕੰਮ ’ਤੇ ਬੁਲਾਇਆ ਜਾਵੇਗਾ। ਸਾਰੇ ਦਫ਼ਤਰਾਂ ਦੇ ਮੁਖੀਆਂ ਵੱਲੋਂ ਘਰ ਤੋਂ ਕੰਮ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।